'ਪ੍ਰਹਾਰ' ਪ੍ਰੋਗਰਾਮ ਤਹਿਤ ਮੁਕਤਸਰ ਪੁਲਿਸ ਨੇ ਵਿੱਢੀ ‘ਕਾਸੋ’ ਮੁਹਿੰਮ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 'ਪ੍ਰਹਾਰ' ਪ੍ਰੋਗਰਾਮ ਤਹਿਤ ਵਿਸ਼ੇਸ਼ ਕਾਸੋ ਅਭਿਆਨ
Publish Date: Mon, 31 Aug 2026 07:23 PM (IST)
Updated Date: Mon, 31 Aug 2026 07:25 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸਐਸਪੀ ਅਭਿਮੰਨਿਊ ਰਾਣਾ, ਆਈਪੀਐਸ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਕਾਰਵਾਈ ਕੀਤੀ ਗਈ। ਇਸੇ ਲੜੀ ਤਹਿਤ 29 ਅਤੇ 30 ਅਗਸਤ ਨੂੰ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ’ਚ ਪ੍ਰਹਾਰ ਪ੍ਰੋਗਰਾਮ ਅਧੀਨ ਕਾਸੋ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਪੁਲਿਸ ਨੇ ਪਹਿਲਾਂ ਦਰਜ 39 ਮੁਕੱਦਮਿਆਂ ’ਚ ਲੋੜੀਂਦੇ 59 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ’ਚ ਪੇਸ਼ ਕੀਤਾ। ਸਰਚ ਆਪ੍ਰੇਸ਼ਨ ਦੌਰਾਨ ਸ਼ੱਕੀ ਇਲਾਕਿਆਂ ਨੂੰ ਘੇਰ ਕੇ ਘਰ-ਘਰ ਤਲਾਸ਼ੀ ਲਈ ਗਈ। ਨਾਕਾਬੰਦੀ ਦੌਰਾਨ ਪੀਏਆਈਐਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਰਿਕਾਰਡ ਅਤੇ ਵਾਹਨ ਐਪ ਰਾਹੀਂ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸਤੋਂ ਇਲਾਵਾ, ਪਿਛਲੇ ਇੱਕ ਹਫ਼ਤੇ ਦੌਰਾਨ ਪੁਲਿਸ ਨੇ ਨਸ਼ਿਆਂ ਖ਼ਿਲਾਫ਼ 67 ਮੁਕੱਦਮੇ ਦਰਜ ਕਰਕੇ 94 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਪਾਸੋਂ 43 ਗ੍ਰਾਮ ਹੈਰੋਇਨ, 607 ਨਸ਼ੀਲੀਆਂ ਗੋਲੀਆਂ, 50 ਕਿਲੋਗ੍ਰਾਮ ਪੋਸਤ ਅਤੇ 400 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ। ਐਸਐਸਪੀ ਅਭਿਮੰਨਿਊ ਰਾਣਾ ਨੇ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਅਤੇ ਸ਼ੱਕੀ ਵਿਅਕਤੀਆਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ; ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।