ਸ੍ਰੀ ਪੰਚਾਇਤੀ ਅਖਾੜਾ ਨਵਾਂ ਉਦਾਸੀਨ ਵੱਲੋਂ ਨਿਤਿਨ ਕੁਮਾਰ ਨੂੰ ਕੂਠਾਰੀ ਲਾਉਣ ਦਾ ਵਿਰੋਧ ਸ੍ਰੀ ਪੰਚਾਇਤੀ ਅਖਾੜਾ ਨਵਾਂ ਉਦਾਸੀਨ ਵੱਲੋਂ ਨਿਤਿਨ ਕੁਮਾਰ ਨੂੰ ਕੂਠਾਰੀ ਲਾਉਣ ਦਾ ਸਖ਼ਤ ਵਿਰੋਧ
Publish Date: Wed, 30 Sep 2026 04:26 PM (IST)
Updated Date: Wed, 30 Sep 2026 04:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪਿੰਡ ਮਿੱਡਾ ਵਿਖੇ ਸ੍ਰੀ ਪੰਚਾਇਤੀ ਅਖਾੜਾ ਨਵਾਂ ਉਦਾਸੀਨ ਦੇ ਸੰਤਾਂ-ਮਹਾਤਮਾਵਾਂ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ ’ਚ ਕਨਖਲ (ਹਰਿਦੁਆਰ) ਵਿਖੇ ਦੂਜੀ ਧਿਰ ਵੱਲੋਂ ਕੀਤੀਆਂ ਜਾ ਰਹੀਆਂ ਮਨਮਰਜ਼ੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ। ਅਖਾੜੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ਤੋਂ ਭਗਤ ਰਾਮ ਆਪਣੇ ਸਾਥੀਆਂ ਧੂਨੀ ਦਾਸ ਅਤੇ ਜਗਤਾਰ ਮੁਨੀ ਨਾਲ਼ ਮਿਲ ਕੇ ਅਖਾੜੇ ’ਤੇ ਗ਼ੈਰ-ਕਾਨੂੰਨੀ ਕਬਜ਼ਾ ਕਰ ਕੇ ਬੈਠਾ ਹੈ ਅਤੇ ਇਸ ਦੀਆਂ ਜਾਇਦਾਦਾਂ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਤਾਂ ਨੇ ਸਪੱਸ਼ਟ ਕੀਤਾ ਕਿ ਸ਼੍ਰੀ ਪੰਚਾਇਤੀ ਅਖਾੜਾ ਨਵਾਂ ਉਦਾਸੀਨ 1846 ਵਿੱਚ ਮਹੰਤ ਸੁਧੀਰ ਦਾਸ ਵੱਲੋਂ ਸਥਾਪਿਤ ਇੱਕ ਰਜਿਸਟਰਡ ਧਾਰਮਿਕ ਸੰਸਥਾ ਹੈ, ਜੋ ਸ਼੍ਰੀ ਚੰਦਰ ਭਗਵਾਨ ਦੀ ਪਰੰਪਰਾ ਅਤੇ ਅਵਿਭਾਜਿਤ ਪੰਜਾਬ ਦੀ ਵਿਰਾਸਤ ਨਾਲ਼ ਜੁੜੀ ਹੋਈ ਹੈ। ਮੀਟਿੰਗ ਵਿੱਚ ਮੁੱਖ ਤੌਰ ਤੇ ਦੋ ਵੱਡੇ ਮੁੱਦਿਆਂ ਤੇ ਵਿਰੋਧ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਅਖਾੜੇ ਦੀ ਮਰਿਆਦਾ ਅਨੁਸਾਰ ਕਿਸੇ ਵੀ ਗ੍ਰਹਿਸਥੀ ਜਾਂ ਵਿਆਹੇ ਵਿਅਕਤੀ ਨੂੰ ਕੂਠਾਰੀ (ਮੁਕਾਮੀ) ਨਹੀਂ ਬਣਾਇਆ ਜਾ ਸਕਦਾ। ਇਸਦੇ ਬਾਵਜੂਦ ਭਗਤ ਰਾਮ ਨੇ ਮੁਨੀਮ ਨਿਤਿਨ ਕੁਮਾਰ ਨੂੰ ਹਰਿਦੁਆਰ ਦਾ ਕੂਠਾਰੀ ਨਿਯੁਕਤ ਕਰ ਦਿੱਤਾ ਹੈ, ਜੋ ਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ। ਹਰਿਦੁਆਰ ਦੇ ਬਾਗ ’ਚ ਨਵੇਂ ਰੁੱਖ ਲਗਾਉਣ ਦੇ ਮਤੇ ’ਚ ਧੋਖਾਧੜੀ ਕਰਕੇ ਫਲੈਟ ਬਣਾਉਣ ਦੀ ਗੱਲ ਜੋੜੀ ਗਈ ਅਤੇ ਬਿਲਡਰਾਂ ਨਾਲ਼ ਮਿਲੀਭਗਤ ਕਰ ਕੇ ਬਾਗ ਕਟਵਾ ਕੇ ਫਲੈਟ ਬਣਾ ਦਿੱਤੇ ਗਏ। ਅਖਾੜੇ ਦੀ ਆਮਦਨ ਦਾ ਦੁਰੁਪਯੋਗ ਹੋਣ ਕਾਰਨ ਧਾਰਮਿਕ ਜਮਾਤ ਦਾ ਸੰਚਾਲਨ ਵੀ ਰੁਕ ਗਿਆ ਹੈ। ਮੀਟਿੰਗ ਦੌਰਾਨ ਸਾਂਝਾ ਮਤਾ ਪਾਸ ਕਰਦਿਆਂ ਸੰਤਾਂ ਨੇ ਕਿਹਾ ਕਿ ਪੁਰਖਿਆਂ ਦੀ ਜਾਇਦਾਦ ਜੋ ਸੰਗਤ ਅਤੇ ਪੰਗਤ ਲਈ ਮਿਲੀ ਹੈ, ਉਸਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਮੁੱਚੇ ਉਦਾਸੀਨ ਭੇਖ, ਨਿਰਵਾਣ ਮੰਡਲ ਅਤੇ ਸੰਗਤ ਨੂੰ ਇਸ ਅਨੈਤਿਕ ਕਾਰਜ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮਹੰਤ ਸ਼ਿਵਾ ਨੰਦ ਕਿਓਲ ਵਾਲੇ, ਪ੍ਰਧਾਨ ਮਹੰਤ ਗਣੇਸ਼ ਦਾਸ ਮਿੱਡਾ ਵਾਲੇ (ਜਨਰਲ ਸਕੱਤਰ), ਮਹੰਤ ਕੁੰਬ ਦਾਸ ਡੇਰਾ ਲੰਗ, ਮਹੰਤ ਚੇਤਨ ਦਾਸ ਕਿਕਰ ਖੇੜਾ ਵਾਲੇ, ਮਹੰਤ ਸੁਰਜੀਤ ਮੁਨੀ ਗੁਮਟੀ ਕਲਾਂ, ਮਹੰਤ ਹਰਿਦਾਸ ਜੀ ਲੰਬੀ ਢਾਬ, ਮਹੰਤ ਤੁਰੰਤ ਮੁਨੀ ਬੁਟਰ ਬਖੂਹਾ ਵਾਲੇ, ਮਹੰਤ ਸਤਨਾਮ ਦਾਸ ਨੱਥੇਹਾ ਵਾਲੇ, ਮਹੰਤ ਚੇਤਨ ਦਾਸ ਅਬੋਹਰ, ਸੰਤ ਹਰ ਨਰਾਇਣ ਦਾਸ ਅਮਰਕੋਟ ਕੰਧ ਵਾਲਾ ਨਹੀਂ, ਸੰਤ ਗੁੜਗੱਜ ਦਾਸ, ਸੰਤ ਅਮਰੀਕ ਦਾਸ ਮਿੱਡਾ, ਸੰਤ ਹਰਪਾਲ ਦਾਸ ਮਿੱਡਾ ਅਤੇ ਸੰਤ ਧਰਮਪਾਲ ਦਾਸ ਮਿੱਡਾ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਸੰਤ-ਮਹੰਤ ਹਾਜ਼ਰ ਸਨ।