ਅਨਾਜ ਮੰਡੀ ਦੇ ਫੜ ਨੰਬਰ 1 ’ਚ ਭਰਿਆ ਸੀਵਰੇਜ ਦਾ ਪਾਣੀ ਅਨਾਜ ਮੰਡੀ ਦੇ ਫੜ ਨੰਬਰ 1 ’ਚ ਭਰਿਆ ਸੀਵਰੇਜ ਦਾ ਪਾਣੀ
Publish Date: Tue, 10 Nov 2026 05:37 PM (IST)
Updated Date: Tue, 10 Nov 2026 05:39 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੀ ਮਾਰਕਿਟ ਕਮੇਟੀ ਅਧੀਨ ਆਉਂਦੀ ਅਨਾਜ ਮੰਡੀ ’ਚ ਗੰਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ’ਚ ਖੜ੍ਹੇ ਗੰਦੇ ਪਾਣੀ ਕਾਰਨ ਝੋਨੇ ਦੀਆਂ ਬੋਰੀਆਂ ਤੇ ਝੋਨੇ ਦੀਆਂ ਢੇਰੀਆਂ ਨੁਕਸਾਨੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਕਿਸਾਨਾਂ ਤੇ ਮਜਦੂਰਾਂ ਨੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ’ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਕਿਸਾਨ ਜਗਦੇਵ ਸਿੰਘ ਵਿਰਕ ਕਲਾਂ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਉਸ ਦੇ ਕਰੀਬ 400 ਗੱਟੇ ਝੋਨੇ ਨੁਕਸਾਨੇ ਗਏ ਜਦੋਂਕਿ ਹੁਣ ਸਵਾਲ ਇਹ ਹੈ ਕਿ ਇਸ ਖ਼ਰਾਬ ਹੋਏ ਝੋਨੇ ਨੂੰ ਕੌਣ ਖਰੀਦੇਗਾ ਤੇ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਮਾਰਕਿਟ ਕਮੇਟੀ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਤੇ ਨਾ ਹੀ ਉਨ੍ਹਾਂ ਦੀ ਸਮੱਸਿਆ ਸੁਣੀ ਜਾ ਰਹੀ ਹੈ। ਇਸੇ ਤਰ੍ਹਾਂ ਬਿਹਾਰ ਤੋਂ ਮੰਡੀ ’ਚ ਮਜ਼ਦੂਰੀ ਕਰਨ ਆਏ ਮਹਿਤਾਬ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਉਨ੍ਹਾਂ ਵੱਲੋਂ ਸਾਫ਼ ਕਰਕੇ ਭਰੇ ਗਏ ਕਰੀਬ 1000 ਗੱਟੇ ਗੰਦੇ ਪਾਣੀ ਦੀ ਮਾਰ ਹੇਠ ਆ ਗਏ ਹਨ। ਹੁਣ ਉਨ੍ਹਾਂ ਨੂੰ ਦੁਬਾਰਾ ਗੱਟੇ ਖਾਲੀ ਕਰਕੇ ਝੋਨਾ ਸੁਕਾਉਣ ਤੋਂ ਬਾਅਦ ਮੁੜ ਗੱਟਿਆਂ ’ਚ ਭਰਨਾ ਪਵੇਗਾ। ਇਸ ਕੰਮ ਲਈ ਵਾਧੂ ਮਿਹਨਤ ਕਰਨੀ ਪਵੇਗੀ ਜਿਸਦੀ ਉਨ੍ਹਾਂ ਨੂੰ ਮਜ਼ਦੂਰੀ ਤੱਕ ਵੀ ਨਹੀਂ ਮਿਲਣੀ। ਮਜ਼ਦੂਰਾਂ ਨੇ ਮੰਡੀ ’ਚ ਪੀਣ ਵਾਲੇ ਪਾਣੀ ਦੇ ਮਾੜੇ ਪ੍ਰਬੰਧਾਂ ਦਾ ਜਿਕਰ ਕਰਦਿਆਂ ਕਿਹਾ ਕਿ ਇੱਥੇ ਆਰਓ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਉਨ੍ਹਾਂ ਨੂੰ ਧਰਤੀ ਹੇਠਲਾ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਮਾਰਕਿਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਨੇ ਕਿਹਾ ਕਿ ਗੰਦੇ ਪਾਣੀ ਦੀ ਸਮੱਸਿਆ ਦੀ ਜ਼ਿੰਮੇਵਾਰੀ ਮਾਰਕਿਟ ਕਮੇਟੀ ਦੀ ਨਹੀਂ, ਸਗੋਂ ਮੰਡੀ ਬੋਰਡ ਦੇ ਐਸਡੀਓ ਦੀ ਹੈ ਕਿਉਕਿ ਇਸ ਸਭ ਦਾ ਪ੍ਰਬੰਧ ਤੇ ਦੇਖਰੇਖ ਉਨ੍ਹਾਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ’ਚ ਉਨ੍ਹਾਂ ਮੰਡੀ ਬੋਰਡ ਦੇ ਐਸਡੀਓ ਗਿੱਦੜਬਾਹਾ ਨੂੰ ਲਿਖਤੀ ਪੱਤਰ ਵੀ ਜਾਰੀ ਕੀਤਾ ਹੈ। ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਦੋਸ਼ ਬੇਬਿਆਦ ਹਨ ਤੇ ਆਰਓ ਦਾ ਪਾਣੀ ਹੀ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਸੀਵਰੇਜ ਨਾਲ ਨੁਕਸਾਨੇ ਝੋਨੇ ਸੰਬੰਧੀ ਜਿੰਮੇਦਾਰੀ ਦੀ ਗੱਲ ਕਰਨ ਤੇ ਸਕੱਤਰ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਮੰਡੀ ਬੋਰਡ ਦੇ ਐਸਡੀਓ ਗੁਰਲਾਲ ਸਿੰਘ ਨੇ ਕਿਹਾ ਕਿ ਮੰਡੀ ’ਚ ਸਪਲਾਈ ਹੁੰਦੇ ਪਾਣੀ ਦੀ ਸਟੈਂਡ ਪੋਸਟ ਨੇੜਿਓਂ ਪਾਣੀ ਟੁੱਟਣ ਕਾਰਨ ਪਾਣੀ ਭਰਿਆ ਹੈ ਤੇ ਇਹ ਪਾਣੀ ਸੀਵਰੇਜ ਦਾ ਨਹੀਂ ਹੈ ਤੇ ਇਸ ਸਮੱਸਿਆ ਨੂੰ ਅੱਜ ਹੀ ਹੱਲ ਕਰ ਦਿੱਤਾ ਜਾਵੇਗਾ ਜਦਕਿ ਮਾਰਕਿਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਭੰਗਾਲ ਨੇ ਦੱਸਿਆ ਕਿ ਉਕਤ ਸਮੱਸਿਆ ਮੰਡੀ ’ਚ ਸਥਿਤ ਇਕ ਸੀਵਰੇਜ ਮੇਨ ਹੋਲ ਕਾਰਨ ਪੈਦਾ ਹੋ ਰਹੀ ਹੈ ਜਿਸ ਸਬੰਧੀ ਉਸ ਸਮੇਂ ਦੇ ਐਸਡੀਓ ਨੂੰ ਪਾਈਪ ਪਾਉਣ ਲਈ ਕਿਹਾ ਗਿਆ ਸੀ ਪਰੰਤੂ ਉਨ੍ਹਾਂ ਉਕਤ ਸਮੱਸਿਆ ਦਾ ਸਮੇਂ ਸਿਰ ਹੱਲ ਨਹੀਂ ਕੀਤਾ ਜਿਸ ਕਾਰਨ ਅੱਜ ਇਹ ਸਮੱਸਿਆ ਪੇਸ਼ ਆਈ ਹੈ। –––ਕੋਟ––– ਇਸ ਸਮੱਸਿਆ ਸਬੰਧੀ ਕਰੀਬ 10 ਦਿਨ ਪਹਿਲਾਂ ਵੀ ਮਾਰਕਿਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਸੜਕ ’ਤੇ ਝੋਨੇ ਦੇ ਗੱਟੇ ਲਗਾਉਣ ਗ਼ਲਤ ਹੈ। ਝੋਨੇ ਦੇ ਗੱਟੇ ਗਿੱਲੇ ਹੋਣ ਦੇ ਮਾਮਲੇ ’ਚ ਬਿਨਾਂ ਜਾਂਚ ਕੀਤੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। -ਵੇਅਰਹਾਊਸ ਇੰਸ. ਸੁਨੀਲ ਗੋਇਲ