ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵੱਲੋਂ ਹੜਤਾਲ, ਲੋਕ ਹੋਏ ਪ੍ਰੇਸ਼ਾਨ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵੱਲੋਂ ਹੜਤਾਲ, ਲੋਕ ਹੋਏ ਪ੍ਰੇਸ਼ਾਨ
Publish Date: Mon, 12 Oct 2026 04:33 PM (IST)
Updated Date: Mon, 12 Oct 2026 04:35 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੇਵਾ ਕੇਂਦਰ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੜਤਾਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕੰਪਨੀ ਪ੍ਰਬੰਧਕਾਂ ਵੱਲੋਂ ਕਾਮਿਆਂ ਦੀਆਂ ਤਨਖਾਹਾਂ ਬਿਨ੍ਹਾਂ ਦੱਸੇ ਕੱਟ ਦਿੱਤੀਆਂ ਜਾਂਦੀਆਂ ਹਨ ਅਤੇ ਬਾਅਦ ’ਚ ਕੋਈ ਬਕਾਇਆ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਪਿਛਲੇ ਦਿਨੀਂ ਸੇਵਾ ਕੇਂਦਰ ਕਮਿਆਂ ਦੀ ਹੜਤਾਲ ਉਪਰੰਤ ਮੰਨੀਆਂ ਮੰਗਾਂ ਵੀ ਅਜੇ ਤੱਕ ਪ੍ਰਵਾਨ ਨਹੀਂ ਕੀਤੀਆਂ ਗਈਆਂ। ਕੰਪਨੀ ਆਪਣੇ ਹੀ ਨਿਯਮਾਂ ਅਤੇ ਆਰਐਫਪੀ ਦੀ ਉਲੰਘਣਾ ਕਰਕੇ ਮੁਲਾਜ਼ਮਾਂ ਨੂੰ ਧੱਕੇਸ਼ਾਹੀ ਨਾਲ ਨੌਕਰੀਓਂ ਕੱਢ ਰਹੀ ਹੈ। ਯੂਨੀਅਨ ਦੇ ਪ੍ਰਧਾਨ ਹਰਦੀਸ਼ ਸਿੰਘ, ਵਾਇਸ ਪ੍ਰਧਾਨ ਅਮਨਦੀਪ ਸਿੰਘ, ਕੈਸ਼ੀਅਰ ਨਵਜੋਤ ਕੌਰ ਹਰਦੀਪ ਸਿੰਘ, ਸ਼ੇਰਬਾਜ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਭੁਪਿੰਦਰ ਕੁਮਾਰ ਨੂੰ ਕੰਪਨੀ ਵੱਲੋਂ ਨੌਕਰੀ ਤੋਂ ਬਰਖਾਸਤ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਜਦਕਿ ਕੰਪਨੀ ਦੀ ਆਪਣੀ ਅਧਿਕਾਰਤ ਨੀਤੀ ਅਤੇ ਆਰਐਫਪੀ ਗਾਈਡਲਾਈਨਜ਼ ਅਨੁਸਾਰ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਨਿਰਧਾਰਤ ਕਾਰਨ ਦੱਸੋ ਨੋਟਿਸ ਅਤੇ ਚੇਤਾਵਨੀ ਪੱਤਰ ਦੀ ਲੜੀ ਪੂਰੀ ਕਰਨਾ ਲਾਜ਼ਮੀ ਹੈ। ਬਿਨਾਂ ਪੂਰੀ ਪ੍ਰਕਿਰਿਆ ਅਪਣਾਏ ਸਿੱਧਾ ਨੌਕਰੀਓਂ ਕੱਢਣਾ ਕੰਪਨੀ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਹਾਲਾਂਕਿ ਮੁਲਾਜ਼ਮ ਵੱਲੋਂ ਆਪਣਾ ਸਪੱਸ਼ਟੀਕਰਨ ਅਤੇ ਮੁਆਫ਼ੀਨਾਮਾ ਵੀ ਜਮ੍ਹਾਂ ਕਰਵਾ ਦਿੱਤਾ ਗਿਆ ਸੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਪਹਿਲਾਂ ਵੀ ਕੰਪਨੀ ਨੂੰ ਈਮੇਲ ਰਾਹੀਂ ਬੇਨਤੀ ਕੀਤੀ ਗਈ ਸੀ, ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਕੰਪਨੀ ਦੀ ਇਸ ਧੱਕੇਸ਼ਾਹੀ ਅਤੇ ਨਿਯਮਾਂ ਦੀ ਅਣਦੇਖੀ ਤੋਂ ਨਿਰਾਸ਼ ਹੋ ਕੇ ਯੂਨੀਅਨ ਨੇ ਮਜਬੂਰਨ 12 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫ਼ੈਸਲਾ ਲਿਆ ਹੈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਭੁਪਿੰਦਰ ਕੁਮਾਰ ਦਾ ਬਰਖਾਸਤਗੀ ਨੋਟਿਸ ਤੁਰੰਤ ਰੱਦ ਕਰਕੇ ਉਸ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ। ਜੇਕਰ ਕੰਪਨੀ ਪ੍ਰਬੰਧਕਾਂ ਵੱਲੋਂ ਆਰਐਫਪੀ ਦੇ ਨਿਯਮਾਂ ਅਨੁਸਾਰ ਮਸਲਾ ਹੱਲ ਨਾ ਕੀਤਾ ਗਿਆ, ਤਾਂ ਯੂਨੀਅਨ ਇਸ ਮਾਮਲੇ ਨੂੰ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਲੇਬਰ ਵਿਭਾਗ ਕੋਲ ਲਿਜਾ ਕੇ ਕਾਨੂੰਨੀ ਲੜਾਈ ਲੜੇਗੀ। ਇਸ ਦੌਰਾਨ ਸੇਵਾ ਕੇਂਦਰ ਵਿੱਚ ਕੰਮ ਕਰਾਉਣ ਆਏ ਲੋਕ ਵੱਡੀ ਗਿਣਤੀ ’ਚ ਪ੍ਰੇਸ਼ਾਨ ਹੋਏ। ਇਕ ਪਰਿਵਾਰ ਮੈਰਿਜ ਰਜਿਸਟਰੇਸ਼ਨ ਕਰਾਉਣ ਵਾਸਤੇ ਆਇਆ ਸੀ ਜਿਸ ’ਚ ਲੜਕੇ ਵਾਲੇ ਨੈਨੀਤਾਲ ਤੋਂ ਪਹੁੰਚੇ ਸਨ। ਪਰ ਹੜਤਾਲ ਕਰਕੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ।