ਕਾਮਰੇਡ ਗੁਰਮੀਤ ਮੋਹਲਾਂ ਦੀ ਯਾਦ ’ਚ ਕਰਵਾਇਆ ਸੈਮੀਨਾਰ
ਕਾਮਰੇਡ ਗੁਰਮੀਤ ਮੋਹਲਾਂ ਦੀ ਯਾਦ ’ਚ ਕਰਵਾਇਆ ਸੈਮੀਨਾਰ
Publish Date: Fri, 20 Feb 2026 04:47 PM (IST)
Updated Date: Fri, 20 Feb 2026 04:51 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸੀਜੀਐਮ ਕਾਲਜ ਮੋਹਲਾ ਵਿਖੇ ਕਾਮਰੇਡ ਗੁਰਮੀਤ ਮੋਹਲਾ ਨੂੰ ਯਾਦ ਕਰਦਿਆਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਸੀਜੀਐਮ ਕਾਲਜ ਮੋਹਲਾ ਦੇ ਚੇਅਰਮੈਨ ਸਤਪਾਲ ਮੋਹਲਾ ਨੇ ਦੱਸਿਆ ਕਿ ਮੇਰੇ ਕਾਮਰੇਡ ਗੁਰਮੀਤ ਮੋਹਲਾ ਦੇਸ਼ ਦੇ ਗਰੀਬ ਮਜ਼ਦੂਰਾਂ, ਛੋਟੇ ਕਿਸਾਨਾਂ, ਦੁਕਾਨਦਾਰਾਂ ਦੇ ਆਰਥਿਕ ਹਾਲਾਤਾਂ ਨੂੰ ਚੰਗੇ ਬਣਾਉਣ ਲਈ ਸੰਘਰਸ਼ ਕਰਨ ਦੇ ਨਾਲ ਦੇਸ਼ ਅੰਦਰ ਅਮਨ, ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਫਿਰਕੂ ਸਦਭਾਵਨਾ ਦਾ ਝੰਡਾ ਬੁਲੰਦ ਕਰਨ ਵਾਲੇ ਸੰਘਰਸ਼ੀ ਯੋਧਿਆਂ ਵਿਚੋਂ ਇਕ ਉਭਰਵਾ ਨਾਮ ਸੀ। ਕਾਮਰੇਡ ਗੁਰਮੀਤ ਮੋਹਲਾਂ ਨੇ ਆਪਣਾ ਸਾਰਾ ਜੀਵਨ ਹੀ ਨਹੀ ਬਲਕਿ ਆਪਣੇ ਸਾਰੇ ਪਰਿਵਾਰ ਨੂੰ ਵੀ ਅਵਾਮ ਪੱਖੀ ਸਮਾਜ ਸਿਰਜਣਾ ਦੇ ਰਾਹ ਵੱਲ ਤੋਰਿਆ। ਉਨ੍ਹਾਂ ਨੇ ਬੀਏ 1962 ’ਚ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ ਅਤੇ ਇਥੋਂ ਹੀ ਮਹਾਨ ਕਮਿਊਨਿਸਟ ਯੋਧਾ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਸੰਪਰਕ ਵਿਚ ਆਏ। ਕਾਮਰੇਡ ਤੇਜਾ ਸਿੰਘ ਸੁਤੰਤਰ ਅੰਡਰ ਗਰਾਊਡ ਰਹਿੰਦਿਆਂ ਪਿੰਡ ਮੋਹਲਾਂ ਵਿਚ ਕਾਮਰੇਡ ਮੋਹਲਾਂ ਦੇ ਕੋਲ ਰਿਹਾ ਅਤੇ ਕਾਮਰੇਡ ਗੁਰਮੀਤ ਮੋਹਲਾਂ ਨੇ ਉਨ੍ਹਾਂ ਤੋਂ ਬਹੁਤ ਕੁਝ ਸਿਖਿਆ। ਮਾਲਵੇ ਦੇ ਇਸ ਖਿੱਤੇ ਵਿਚ ਲਹਿਰ ਉਸਾਰਣ ਵਿਚ ਦਿਨ ਰਾਤ ਮਿਹਨਤ ਕੀਤੀ। ਕਾਮਰੇਡ ਗੁਰਮੀਤ ਮੋਹਲਾਂ ਨੇ ਕਾਮਰੇਡ ਵਧਾਵਾ ਰਾਮ, ਛੱਜੂ ਮੱਲ ਵੈਦ, ਅਰਜਨ ਸਿੰਘ ਮਸਤਾਨਾ, ਜੰਗੀਰ ਸਿੰਘ ਜੋਗਾ, ਚਰੰਜੀ ਲਾਲ ਧੀਰ, ਅਵਤਾਰ ਸਿੰਘ ਮਲਹੋਤਰਾ ਦੇ ਨਾਲ ਮਿਲ ਕੰਮ ਕੀਤਾ ਅਤੇ ਕਮਿਊਨਿਸਟ ਪਾਰਟੀ ਸੈਂਟਰਲ ਕਮੇਟੀ ਮੈਂਬਰ ਅਤੇ ਫਰੀਦਕੋਟ ਜਿਲ੍ਹਾ ਇਕਾਈ ਦੇ ਸੈਕਟਰੀ ਵਜੋਂ ਵੀ ਲੰਮਾ ਸਮਾਂ ਜੁੰਮੇਵਾਰੀ ਸੰਭਾਲੀ। ਅੱਤਵਾਦ ਦੌਰਾਨ ਫਰੀਦਕੋਟ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਵੀ ਰਹੇ। ਬਾਦ ਵਿਚ ਪੰਜਾਬ ਕਿਸਾਨ ਸਭਾ ਨਾਲ ਜੁੜ ਲੋਕ ਘੋਲਾਂ ਵਿਚ ਸ਼ਿਰਕਤ ਕੀਤੀ। ਪਾਰਟੀ ਦੇ ਲਈ ਰੂਸ ’ਚ ਵੀ ਗਏ। ਪ੍ਰਿੰਸੀਪਲ ਡਾ. ਬਲਜੀਤ ਸਿੰਘ ਸਿੰਘ ਨੇ ਦੱਸਿਆ ਕਿ ਕਾਮਰੇਡ ਗੁਰਮੀਤ ਮੋਹਲਾਂ ਅੰਦਰ ਸਾਹਿਤ, ਸਮਾਜ ਅਤੇ ਰਾਜਨੀਤੀ ਬਾਰੇ ਪੜਨ ਦੀ ਵਿਸ਼ੇਸ਼ ਦਿਲਚਸਪੀ ਸੀ ਅਤੇ ਪਰਿਵਾਰ ਨੇ ਉਨ੍ਹਾਂ ਦੀ ਯਾਦ ਵਿੱਚ ਪਿੰਡ ਮੋਹਲਾਂ ਵਿਖੇ ਉਨ੍ਹਾਂ ਦੇ ਨਾਮ ਤੇ ਕਾਲਜ ਸਥਾਪਤ ਕੀਤਾ ਹੈ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ ਨਾਲ ਸਬੰਧਤ ਹੈ ਇਹ ਸੰਸਥਾ ਵਿਦਿਆਰਥੀਆਂ ਨੂੰ ਗਿਆਨ ਦੇ ਕਿ ਸਮਾਜ ਪ੍ਰਤੀ ਸਮਰੱਥ, ਜ਼ਿੰਮੇਵਾਰ ਅਤੇ ਅਗਾਂਹਵਧੂ ਸੋਚ ਬਣਾਉਣ ਵਾਲੇ ਮਨੁੱਖ ਪੈਦਾ ਕਰ ਰਹੀ ਹੈ। ਸੈਂਕੜੇ ਵਿਦਿਆਰਥੀ ਇਸ ਸੰਸਥਾ ’ਚੋਂ ਪੜਾਈ ਕਰਕੇ ਉਚ ਪੱਧਰੀ ਨੌਕਰੀਆਂ ਉਪਰ ਪਹੁੰਚੇ ਹਨ। ਮੈਨੇਜਮੈਂਟ ਕਮੇਟੀ ਮੈਂਬਰ ਨਵਜੀਤ ਮੋਹਲਾ, ਜਗਤਾਰ ਬਰਾੜ ਅਤੇ ਰਾਜ ਕੁਮਾਰ ਨੇ ਸ਼ਲਾਘਾ ਕੀਤੀ। ਪ੍ਰੋ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਪੱਛੜੇ ਖੇਤਰ ਵਿਚ ਕਾਲਜ ਖੁੱਲਣ ਦੇ ਨਾਲ ਗਰੀਬ ਪਰਿਵਾਰਾਂ ਦੇ ਉਹ ਲੜਕੇ ਲੜਕੀਆਂ ਨੂੰ ਸਿੱਖਿਆ ਹਾਸਿਲ ਕਰਨ ਵਿਚ ਵੱਡੀ ਪਹੁੰਚ ਮਿਲੀ ਹੈ। ਕਾਲਜ ਦੇ ਵਿਦਿਆਰਥੀ ਖੇਡਾਂ, ਪੜਾਈ ਅਤੇ ਸਭਿਆਚਾਰਕ ਗਤੀਵਿਧੀਆਂ ’ਚ ਨਾਮਣਾ ਖੱਟ ਰਹੇ ਹਨ। ਇਹ ਸੰਸਥਾ ਇਸ ਇਲਾਕੇ ’ਚ ਪੜ੍ਹਾਈ ਪੱਖੋ ਇਕ ਵਰਦਾਨ ਸਿੱਧ ਹੋ ਰਹੀ ਹੈ। ਇਸ ਮੌਕੇ ਸਮੂਹ ਸਟਾਫ ਹਾ਼ਜਰ ਸੀ।