ਨਸ਼ਾ ਮੁਕਤੀ ਪ੍ਰਤਿਗਿਆ ਮਹਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਨਸ਼ਾ ਮੁਕਤੀ ਪ੍ਰਤਿਗਿਆ ਮਹਾਂ ਅਭਿਆਨ ਤਹਿਤ ਸਰਕਾਰੀ ਸਕੂਲ ਵਿਖੇ ਸੈਮੀਨਾਰ ਦਾ ਆਯੋਜਨ
Publish Date: Sat, 22 Aug 2026 06:11 PM (IST)
Updated Date: Sat, 22 Aug 2026 06:12 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਗਿੱਦੜਬਾਹਾ ਵਿਖੇ ਨਸ਼ਾ ਮੁਕਤੀ ਪ੍ਰਤਿਗਿਆ ਮਹਾਂ ਅਭਿਆਨ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਸੀ। ਇਸ ਮੌਕੇ ਬ੍ਰਹਮਕੁਮਾਰੀ ਰੇਖਾ ਦੀਦੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਪਰਿਵਾਰਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸ਼ੁਰੂਆਤ ਅਕਸਰ ਮਜ਼ਾਕ ਜਾਂ ਸ਼ੌਕ ਵਜੋਂ ਹੁੰਦੀ ਹੈ, ਪਰ ਹੌਲੀ-ਹੌਲੀ ਇਹ ਇੱਕ ਗੰਭੀਰ ਲਤ ਦਾ ਰੂਪ ਧਾਰ ਲੈਂਦਾ ਹੈ ਅਤੇ ਇਸਦਾ ਅੰਤ ਵਿਅਕਤੀ ਦੀ ਜ਼ਿੰਦਗੀ ਤਬਾਹ ਕਰਨ ਤੱਕ ਪਹੁੰਚ ਸਕਦਾ ਹੈ। ਨਸ਼ਿਆਂ ਕਾਰਨ ਸਿਰਫ਼ ਇੱਕ ਵਿਅਕਤੀ ਹੀ ਪ੍ਰਭਾਵਿਤ ਨਹੀਂ ਹੁੰਦਾ, ਸਗੋਂ ਪੂਰਾ ਪਰਿਵਾਰ ਇਸ ਦੀ ਮਾਰ ਝੱਲਦਾ ਹੈ। ਨਸ਼ਿਆਂ ਨਾਲ ਹੋਣ ਵਾਲਾ ਪਰਿਵਾਰਕ ਨੁਕਸਾਨ ਅਜਿਹਾ ਹੁੰਦਾ ਹੈ, ਜਿਸ ਦੀ ਭਰਪਾਈ ਕਰਨਾ ਬਹੁਤ ਮੁਸ਼ਕਲ ਹੈ। ਰੇਖਾ ਦੀਦੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ਼ ਦੀ ਮੌਜੂਦਗੀ ’ਚ ਸਮੂਹ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਹੋਰਨਾਂ ਨੂੰ ਵੀ ਨਸ਼ਿਆਂ ਤੋਂ ਬਚਾਉਣ ਲਈ ਪ੍ਰਤਿਗਿਆ ਦਿਵਾਈ ਗਈ। ਸੈਮੀਨਾਰ ਦੇ ਅੰਤ ’ਚ ਸਕੂਲ ਇੰਚਾਰਜ ਕੁਲਦੀਪ ਸਿੰਘ ਨੇ ਰੇਖਾ ਦੀਦੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਦਿੱਤੀ ਪ੍ਰੇਰਣਾ ਅਤੇ ਜਾਗਰੂਕਤਾ ਸੰਦੇਸ਼ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਇੰਦੂ ਬਾਲਾ, ਕੰਵਰ ਯਾਦਵਿੰਦਰ ਸਿੰਘ, ਹਰਮੀਤ ਸਿੰਘ, ਖੁਸ਼ਹਾਲ ਬਾਂਸਲ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।