ਜ਼ਿੰਦਗੀ-ਮੌਤ ਦਾ ਸੰਘਰਸ਼ ਬਣ ਰਿਹਾ ਵਿਦਿਆਰਥੀਆਂ ਦੇ ਸਕੂਲੀ ਸਫਰ ਜ਼ਿੰਦਗੀ-ਮੌਤ ਦਾ ਸੰਘਰਸ਼ ਬਣ ਰਿਹਾ ਸਕੂਲੀ ਵਿਦਿਆਰਥੀਆਂ ਦੇ ਸਕੂਲੀ ਸਫਰ
Publish Date: Tue, 24 Nov 2026 05:06 PM (IST)
Updated Date: Wed, 25 Nov 2026 04:05 AM (IST)
-ਬੇਤਹਾਸ਼ਾ ਅਤੇ ਕੰਟਰੋਲ ਤੋਂ ਬਾਹਰ ਭਾਰੀ ਵਾਹਨਾਂ ’ਚੋਂ ਲੰਘਦੇ ਨੇ ਬੱਚੇ ਤੇ ਉਨ੍ਹਾਂ ਦੇ ਵਾਹਨ ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਕੂਲ ਲੱਗਣ ਅਤੇ ਛੁੱਟੀ ਹੋਣ ਸਮੇਂ ਹਜ਼ਾਰਾਂ ਵਿਦਿਆਰਥੀ ਭਾਰੀ ਆਵਾਜਾਈ ’ਚ ਫਸ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਜਾਈ ਇੰਨੀ ਭਿਅੰਕਰ ਹੁੰਦੀ ਹੈ ਕਿ ਹਰ ਵੇਲੇ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ। ਟਰੱਕ, ਰੇਤੇ ਦੇ ਭਰੇ ਟਰਾਲੇ, ਝੋਨੇ ਦੀਆਂ ਭਰੀਆਂ ਟਰਾਲੀਆਂ, ਤੇਜ਼ ਰਫਤਾਰ ਕਾਰਾਂ ਤੇ ਹੋਰ ਵਾਹਨ ਬੱਚਿਆਂ ਦੀ ਕੋਈ ਪ੍ਰਵਾਹ ਨਹੀਂ ਕਰਦੀਆਂ ਤੇ ਮਾਸੂਮ ਬੱਚੇ ਜਾਨਲੇਵਾ ਧੂੰਏਂ, ਤੇਜ਼ ਹਾਰਨਾਂ ’ਚ ਫਸੇ ਕਿਸੇ ਨੂੰ ਵਿਖਾਈ ਵੀ ਨਹੀਂ ਦਿੰਦੇ। ਟ੍ਰੈਫਿਕ ਜਾਮ ਕਾਰਨ ਵਿਦਿਆਰਥੀਆਂ, ਮਾਪਿਆਂ ਦੇ ਨਾਲ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਵੱਲੋਂ ਸਾਹਮਣੇ ਲਿਆਂਦੀ ਗਈ ਜ਼ਮੀਨੀ ਹਕੀਕਤ ਅਨੁਸਾਰ ਬਠਿੰਡਾ ਰੋਡ ਉਪਰ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ, ਮਲੋਟ ਰੋਡ ਉਪਰ ਅਕਾਲ ਅਕੈਡਮੀ ਅਤੇ ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਬੂੜਾ ਗੁੱਜਰ ਰੋਡ ਉਪਰ ਲਿਟਲ ਫਲਾਵਰ, ਡੀਏਵੀ ਅਤੇ ਸਰਵਹਿੱਤਕਾਰੀ ਸਕੂਲਾਂ ਸਣੇ ਹੋਰ ਕਈ ਸਕੂਲ ਸ਼ਹਿਰ ਖੇਤਰ ’ਚ ਹਨ। ਸਕੂਲਾਂ ਦਾ ਲੱਗਣ ਤੇ ਛੁੱਟੀ ਹੋਣ ਦਾ ਸਮਾਂ ਕਰੀਬ ਇਕੋ ਜਿਹਾ ਹੈ। ਇਸ ਲਈ ਨਿਸਚਿਤ ਸਮੇਂ ’ਤੇ ਸ਼ਹਿਰ ਅੰਦਰ ਬੱਚਿਆਂ ਦੀਆਂ ਵੈਨਾਂ ਅਤੇ ਮਾਪਿਆਂ ਦੀਆਂ ਕਾਰਾਂ ਤੇ ਦੋ ਪਹੀਆਂ ਦੀ ਭਾਰੀ ਭੀੜ ਬਣ ਜਾਂਦੀ ਹੈ। ਪਰ ਇਸੇ ਦੌਰਾਨ ਆਮ ਆਵਾਜਾਈ ਵੀ ਆਮ ਵਾਂਗ ਚੱਲਦੀ ਹੈ। ਸੁਭ੍ਹਾ ਦੇ ਸਮੇਂ ਤਾਂ ਬੱਸਾਂ ਅਤੇ ਟਰੱਕ ਵੀ ਸ਼ਹਿਰ ਵਿੱਚ ਦੀ ਲੰਘਦੇ ਹਨ। ਜਦੋਂ ਕਿ ਦਿਨ ਭਰ ਟਰੈਕਟਰ ਟਰਾਲੀਆਂ, ਭਾੜੇ ਵਾਲੇ ਵਾਹਨ ਤੇ ਨਿੱਜੀ ਵਾਹਨਾਂ ਨਾਲ ਸੜਕਾਂ ਭਰੀਆਂ ਰਹਿੰਦੀਆਂ ਹਨ। ਇਸ ਲਈ ਦੁਪਹਿਰ 3 ਵਜੇ ਦੇ ਕਰੀਬ ਛੁੱਟੀ ਹੋਣ ਵੇਲੇ ਸੜਕ ’ਤੇ ਭਾਰੀ ਭੀੜ ਜਮ੍ਹਾਂ ਹੋ ਜਾਂਦੀ ਹੈ। ਝੋਨੇ ਦਾ ਸੀਜ਼ਨ ਹੋਣ ਕਾਰਨ ਦਾਣਾ ਮੰਡੀ ਵੱਲੋਂ ਆਉਣ ਵਾਲੀਆਂ ਟਰੈਕਟਰ-ਟਰਾਲੀਆਂ ਅਤੇ ਰੇਤੇ ਨਾਲ ਭਰੇ ਭਾਰੀ ਵਾਹਨ ਸਕੂਲ ਛੁੱਟੀ ਦੇ ਸਮੇਂ ਵੀ ਲਗਾਤਾਰ ਇਸ ਭੀੜੀ ਸੜਕ ਤੋਂ ਲੰਘਦੇ ਹਨ। ਮੌਕੇ ’ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕੋਈ ਵੀ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ, ਜਿਸ ਕਾਰਨ ਮਹਿਜ਼ 200-300 ਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਅੱਧੇ ਘੰਟੇ ਤੱਕ ਦਾ ਸਮਾਂ ਲੱਗ ਜਾਂਦਾ ਹੈ। ਈ-ਰਿਕਸ਼ਾ, ਸਕੂਲ ਵੈਨਾਂ, ਦੋ-ਪਹੀਆ ਵਾਹਨਾਂ ਅਤੇ ਭਾਰੀ ਟਰਾਲੀਆਂ ਦੇ ਆਪਸ ’ਚ ਫਸਣ ਕਾਰਨ ਛੋਟੇ ਬੱਚਿਆਂ ਲਈ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੁਭ੍ਹਾ ਸਕੂਲ ਲੱਗਣ ਸਮੇਂ ਅਤੇ ਬਾਅਦ ਦੁਪਹਿਰ ਸਕੂਲ ਛੁੱਟੀ ਦੇ ਸਮੇਂ ਦਾਣਾ ਮੰਡੀ ਵਾਲੇ ਪਾਸਿਓਂ ਅਤੇ ਮਲੋਟ ਰੋਡ ’ਤੇ ‘ਮੰਗੇ ਦੇ ਪੰਪ’ ਤੋਂ ਪਿੱਛੇ ਅਤੇ ਬੂੜਾ ਗੁੱਜਰ ਰੋਡ ਵਾਲੇ ਪਾਸੇ ਮਸੀਤ ਵਾਲੇ ਚੌਂਕ, ਕੋਟਕਪੂਰਾ ਚੌਂਕ ਅਤੇ ਹੋਰ ਅਹਿਮ ਮਾਰਗਾਂ ਉਪਰ ਭਾਰੀ ਵਾਹਨਾਂ ਅਤੇ ਟਰੈਕਟਰ-ਟਰਾਲੀਆਂ ਨੂੰ ਅੱਧੇ ਘੰਟੇ ਲਈ ਰੋਕਿਆ ਜਾਵੇ। ਇਸ ਨਾਲ ਸਕੂਲੀ ਬੱਚੇ ਸੁਰੱਖਿਅਤ ਘਰ ਪਹੁੰਚ ਸਕਣਗੇ ਅਤੇ ਸੜਕ ’ਤੇ ਲੱਗਣ ਵਾਲੇ ਲੰਬੇ ਜਾਮ ਤੋਂ ਵੀ ਰਾਹਤ ਮਿਲੇਗੀ। ਇਸ ਸਬੰਧ ’ਚ ਆਵਾਜਾਈ ਪੁਲੀਸ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਸਕੂਲੀ ਸਮੇਂ ਵਿਸ਼ੇਸ਼ ਨਿਗਰਾਨੀ ਰੱਖਦੇ ਹਨ ਅਤੇ ਹੁਣ ਹੋਰ ਅਹਿਮ ਥਾਵਾਂ ਦੀ ਸ਼ਨਾਖਤ ਕਰ ਕੇ ਪ੍ਰਬੰਧ ਕਰਨਗੇ।