ਮੰਡੀਆਂ ਬੰਦ ਕਰਨ ਤੇ ਪਰਾਲੀ ਦੇ ਪਰਚਿਆਂ ਖ਼ਿਲਾਫ਼ ਡੀਸੀ ਦਫ਼ਤਰ ਘੇਰਿਆ ਮੰਡੀਆਂ ਬੰਦ ਕਰਨ ਤੇ ਪਰਾਲੀ ਦੇ ਪਰਚਿਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Publish Date: Fri, 13 Nov 2026 05:52 PM (IST)
Updated Date: Fri, 13 Nov 2026 05:54 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਸਰਕਾਰ ਦੇ 400 ਮੰਡੀਆਂ ਬੰਦ ਕਰਨ ਦੇ ਫ਼ੈਸਲੇ ਅਤੇ ਪਰਾਲੀ ਸਾੜਨ ਸਬੰਧੀ ਦਰਜ ਕੀਤੇ ਪਰਚਿਆਂ ’ਤੇ ਜੁਰਮਾਨਿਆਂ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੌਕੇ ’ਤੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਪ੍ਰਾਪਤ ਕਰਦਿਆਂ ਮੰਡੀਆਂ ’ਚ ਮੁੜ ਖਰੀਦ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦਿਉਣ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਬੀਕੇਯੂ ਲੱਖੋਵਾਲ (ਟਿਕੈਤ) ਦੇ ਜ਼ਿਲ੍ਹਾ ਖਜ਼ਾਨਚੀ ਜਸਕਰਨ ਸਿੰਘ ਬੂੜਾ ਗੁੱਜਰ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਬਰੀਵਾਲਾ ਪ੍ਰਧਾਨ ਜਸਵੰਤ ਸਿੰਘ ਡੋਡਾਂਵਾਲੀ, ਬੀਕੇਯੂ ਕਾਦੀਆਂ ਦੇ ਸੂਬਾ ਜਨਰਲ ਸਕੱਤਰ ਜਗਦੇਵ ਸਿੰਘ ਕਾਨਿਆਂ ਵਾਲੀ, ਕੌਮੀ ਕਿਸਾਨ ਯੂਨੀਅਨ ਦੇ ਬਲਾਕ ਮਲੋਟ ਪ੍ਰਧਾਨ ਗੁਰਸੇਵਕ ਸਿੰਘ ਭੁਲੇਰੀਆ ਅਤੇ ਕੁਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਝਬੇਲਵਾਲੀ ਨੇ ਕਿਹਾ ਕਿ ਪਿਛੇਤਾ ਪੂਸਾ-44 ਤੇ 126 ਝੋਨਾ ਹੁਣ ਮੰਡੀਆਂ ਵਿੱਚ ਆਇਆ ਹੈ ਅਤੇ ਸੂਬੇ ਦੀਆਂ ਮੰਡੀਆਂ ਵਿੱਚ ਹਾਲੇ ਵੀ 35 ਫੀਸਦੀ ਤੋਂ ਵੱਧ ਝੋਨਾ ਖਰੀਦ ਲਈ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਗੜੇਮਾਰੀ ਕਾਰਨ ਵਧੀ ਨਮੀ ਵਾਲਾ ਝੋਨਾ ਬਿਨਾਂ ਸ਼ਰਤ ਖਰੀਦਿਆ ਜਾਵੇ ਅਤੇ ਕਿਸਾਨਾਂ ’ਤੇ ਦਰਜ ਪੁਲਿਸ ਕੇਸ ਤੇ ਜੁਰਮਾਨੇ ਤੁਰੰਤ ਰੱਦ ਕੀਤੇ ਜਾਣ, ਨਹੀਂ ਤਾਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਗੋਨੇਆਣਾ, ਅਮਨਦੀਪ ਸਿੰਘ ਹਰੀਕੇ ਕਲਾਂ, ਬਲਦੇਵ ਸਿੰਘ ਹਰੀਕੇ ਕਲਾਂ, ਫੌਜੀ ਬਲਜੀਤ ਸਿੰਘ ਝਬੇਲਵਾਲੀ, ਰਵਿੰਦਰ ਸਿੰਘ ਚੌਂਤਰਾ, ਸੰਦੀਪ ਸਿੰਘ ਗੋਲੂ, ਸਰਪੰਚ ਬਲਵਿੰਦਰ ਸਿੰਘ ਮੁਕਤਸਰ, ਬਿਰਜ ਲਾਲ ਡੋਡਾਂਵਾਲੀ, ਪ੍ਰਧਾਨ ਲਾਲੀ ਸ਼ਰਮਾ ਹਰੀਕੇ ਕਲਾਂ, ਗੋਪੀ ਵੜਿੰਗ, ਬੱਲਾ ਸਿੰਘ ਬਾਹਮਣ ਵਾਲਾ, ਜਗਸੀਰ ਸਿੰਘ ਲਖਮੀਰੇਆਣਾ, ਕੁਲਦੀਪ ਸਿੰਘ ਮਰਾੜ ਕਲਾਂ, ਅਮਰਜੀਤ ਸਿੰਘ ਜੰਮੂਆਣਾ ਅਤੇ ਜੈਲਦਾਰ ਸਰਦੂਲ ਸਿੰਘ ਝਬੇਲਵਾਲੀ ਆਦਿ ਆਗੂ ਹਾਜ਼ਰ ਸਨ।