ਮੰਡੀਆਂ ਬੰਦ ਕਰਨ ਤੇ ਪਰਾਲੀ ਦੇ ਪਰਚਿਆਂ ਖ਼ਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚਾ ਕਰੇਗਾ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਮੰਡੀਆਂ ਬੰਦ ਕਰਨ ਤੇ ਪਰਾਲੀ ਦੇ ਪਰਚਿਆਂ ਖ਼ਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚਾ ਕਰੇਗਾ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ
Publish Date: Thu, 12 Nov 2026 07:14 PM (IST)
Updated Date: Thu, 12 Nov 2026 07:15 PM (IST)
- 22% ਨਮੀ ਵਾਲਾ ਝੋਨਾ ਬਿਨਾਂ ਸ਼ਰਤ ਖਰੀਦਣ ਅਤੇ ਬਾਹਰੀ ਸੂਬਿਆਂ ਤੋਂ ਆਉਂਦੇ ਝੋਨੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਦੀ ਪ੍ਰਧਾਨਗੀ ਹੇਠ ਸ਼ਹੀਦ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਈ। ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਦੱਸਿਆ ਕਿ ਮੰਡੀਆਂ ’ਚ ਝੋਨੇ ਦੀ ਆਮਦ ਜਾਰੀ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਕੋਟਾ ਪੂਰਾ ਹੋਣ ਦਾ ਬਹਾਨਾ ਬਣਾ ਕੇ ਮੰਡੀਆਂ ਬੰਦ ਕਰਨ ਅਤੇ ਪਰਾਲੀ ਦੇ ਪਰਚਿਆਂ ਖ਼ਿਲਾਫ਼ 13 ਨਵੰਬਰ ਨੂੰ ਸਵੇਰੇ 11 ਵਜੇ ਡੀਸੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ, ਤਹਿਸੀਲ ਗਿੱਦੜਬਾਹਾ ਅਤੇ ਤਹਿਸੀਲ ਮਲੋਟ (ਲੰਬੀ ਤੇ ਮਲੋਟ ਇਲਾਕੇ ਵੱਲੋਂ) ਵਿਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਅਮਨਦੀਪ ਸਿੰਘ ਹਰੀਕੇ ਕਲਾਂ, ਬੀਕੇਯੂ ਲੱਖੋਵਾਲ ਦੇ ਰੁਪਿੰਦਰ ਸਿੰਘ ਡੋਹਕ, ਬੀਕੇਯੂ ਰਾਜੇਵਾਲ ਦੇ ਗੋਬਿੰਦ ਸਿੰਘ ਕੋਟਲੀ ਦਿਉਣ, ਕੌਮੀ ਕਿਸਾਨ ਯੂਨੀਅਨ ਦੇ ਜਥੇਦਾਰ ਰਜਿੰਦਰ ਸਿੰਘ ਦੂਹੇਵਾਲਾ, ਬੀਕੇਯੂ ਮਾਲਵਾ ਦੇ ਸੁਖਦੇਵ ਸਿੰਘ ਨਵਾਂ ਭੁੱਲਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜਰਨੈਲ ਸਿੰਘ ਰੋੜਾਂਵਾਲਾ ਨੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਦੇ 90% ਖਰੀਦ ਵਾਲੇ ਬਿਆਨ ਨੂੰ ਫ਼ਰਜ਼ੀ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਅਫ਼ਸਰਸ਼ਾਹੀ ਤੇ ਵਪਾਰੀਆਂ ਦੀ ਮਿਲੀਭੁਗਤ ਨਾਲ ਬਾਹਰੀ ਸੂਬਿਆਂ ਤੋਂ ਝੋਨਾ ਮੰਗਵਾ ਕੇ ਕੋਟਾ ਪੂਰਾ ਦਿਖਾਇਆ ਗਿਆ ਹੈ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਆਗੂਆਂ ਨੇ ਬੇਮੌਸਮੀ ਬਾਰਿਸ਼, ਗੜੇਮਾਰੀ ਤੇ ਸੇਮ ਕਾਰਨ ਝੋਨੇ ’ਚ ਵਧੀ ਨਮੀ ’ਤੇ ਲਾਏ ਜਾ ਰਹੇ ਕੱਟ ਬੰਦ ਕਰ ਕੇ 22% ਤੱਕ ਨਮੀ ਵਾਲਾ ਝੋਨਾ ਬਿਨਾਂ ਸ਼ਰਤ ਖਰੀਦਣ ਦੀ ਮੰਗ ਕੀਤੀ। ਇਸ ਮੌਕੇ ਜਥੇਦਾਰ ਗੁਰਮੀਤ ਸਿੰਘ ਲੰਬੀ ਢਾਬ, ਬਲਦੇਵ ਸਿੰਘ ਹਰੀਕੇ ਕਲਾਂ, ਹਰਪ੍ਰੀਤ ਸਿੰਘ ਗੋਨਿਆਣਾ, ਭਿੰਦਰ ਸਿੰਘ ਲੰਬੀ ਢਾਬ ਅਤੇ ਜਸਕਰਨ ਸਿੰਘ ਬੂੜਾ ਗੁੱਜਰ ਆਦਿ ਵੀ ਹਾਜ਼ਰ ਸਨ।