ਸ੍ਰੀ ਮੁਕਤਸਰ ਸਾਹਿਬ ’ਚ ਸਫ਼ਾਈ ਵਿਵਸਥਾ ਠੱਪ, ਸਫ਼ਾਈ ਕਾਮਿਆਂ ਦੀ ਹੜਤਾਲ ਜਾਰੀ ਸ੍ਰੀ ਮੁਕਤਸਰ ਸਾਹਿਬ ’ਚ ਸਫ਼ਾਈ ਵਿਵਸਥਾ ਠੱਪ, ਸ਼ਹਿਰ ਬਣਿਆ ਕੂੜਾ-ਘਰ, ਬੀਮਾਰੀਆਂ ਦਾ ਖ਼ਤਰਾ ਵਧਿਆ
Publish Date: Fri, 10 Jul 2026 06:16 PM (IST)
Updated Date: Fri, 10 Jul 2026 06:18 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਇਸ ਸਮੇਂ ਇੱਕ ਵੱਡੇ ਸਫ਼ਾਈ ਸੰਕਟ ਨਾਲ ਜੂਝ ਰਿਹਾ ਹੈ। ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦੇ ਕਰੀਬ 200 ਸਫ਼ਾਈ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ। ਕਰਮਚਾਰੀਆਂ ਦੇ ਕੰਮ ਤੋਂ ਦੂਰ ਰਹਿਣ ਕਾਰਨ ਪੂਰੇ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਅਤੇ ਥਾਂ-ਥਾਂ ਕੂੜੇ ਦੇ ਪਹਾੜ ਖੜ੍ਹੇ ਹੋ ਗਏ ਹਨ। 31 ਵਾਰਡ ਪ੍ਰਭਾਵਿਤ, ਸੜਕਾਂ ਤੇ ਆਇਆ ਕੂੜਾ ਹੜਤਾਲ ਕਾਰਨ ਸ਼ਹਿਰ ਦੇ ਸਾਰੇ 31 ਵਾਰਡਾਂ ’ਚ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਕੰਮ ਪੂਰੀ ਤਰ੍ਹਾਂ ਬੰਦ ਹੈ। ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਸਾਹਮਣੇ ਸ਼ੇਰ ਸਿੰਘ ਚੌਕ ’ਚ ਬਣਿਆ ਮੁੱਖ ਕੂੜਾ ਡੰਪ ਅਤੇ ਪੁਰਾਣੀ ਮੰਡੀ ਨੇੜਲਾ ਡੰਪ ਨੱਕੋ-ਨੱਕ ਭਰ ਚੁੱਕੇ ਹਨ, ਜਿਸ ਕਾਰਨ ਕੂੜਾ ਹੁਣ ਸੜਕਾਂ ’ਤੇ ਖਿੱਲਰਨਾ ਸ਼ੁਰੂ ਹੋ ਗਿਆ ਹੈ। ਰੇਲਵੇ ਰੋਡ, ਗੋਨਿਆਣਾ ਰੋਡ, ਅਬੋਹਰ ਰੋਡ ਅਤੇ ਜਲਾਲਾਬਾਦ ਰੋਡ ਸਮੇਤ ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ ਅਤੇ ਮੁਹੱਲਿਆਂ ’ਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਗਰਮੀ ਦੇ ਮੌਸਮ ਕਾਰਨ ਵਧੀ ਮੁਸ਼ਕਲ ਸ਼ਹਿਰ ਵਿੱਚੋਂ ਰੋਜ਼ਾਨਾ ਕਰੀਬ 20-22 ਟਨ ਕੂੜਾ ਨਿਕਲਦਾ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੜਕਾਂ ਤੇ 40 ਟਨ ਤੋਂ ਵੱਧ ਕੂੜਾ ਜਮ੍ਹਾ ਹੋ ਚੁੱਕਾ ਹੈ। ਭਿਆਨਕ ਗਰਮੀ ਕਾਰਨ ਇਸ ਕੂੜੇ ਵਿੱਚੋਂ ਉੱਠ ਰਹੀ ਬਦਬੂ ਅਤੇ ਮੱਛਰਾਂ ਦੀ ਭਰਮਾਰ ਨੇ ਸਥਾਨਕ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਸ਼ਹਿਰ ਨਿਵਾਸੀ ਹਰਪ੍ਰੀਤ ਸਿੰਘ, ਗੁਰਮਾਨ ਸਿੰਘ ਅਤੇ ਜਤਿੰਦਰ ਸਿੰਘ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਕਈ ਗਲੀਆਂ ’ਚ ਸੀਵਰੇਜ ਜਾਮ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਹੁਣ ਸਫ਼ਾਈ ਵਿਵਸਥਾ ਠੱਪ ਹੋਣ ਕਾਰਨ ਸ਼ਹਿਰ ਵਿੱਚ ਭਿਆਨਕ ਬੀਮਾਰੀਆਂ ਫੈਲਣ ਦਾ ਖ਼ਤਰਾ ਵਧ ਗਿਆ ਹੈ। ਘਰਾਂ ਵਿੱਚੋਂ ਕੂੜਾ ਨਾ ਚੁੱਕੇ ਜਾਣ ਕਰਕੇ ਲੋਕ ਮਜਬੂਰੀ ਵੱਸ ਕੂੜਾ ਸੜਕਾਂ ਦੇ ਕਿਨਾਰੇ ਸੁੱਟਣ ਲਈ ਮਜਬੂਰ ਹਨ। ਮੰਗਾਂ ਮੰਨਣ ਤੱਕ ਹੜਤਾਲ ਰਹੇਗੀ ਜਾਰੀ ☻: ਸਫ਼ਾਈ ਕਾਮੇਂ ਦੂਜੇ ਪਾਸੇ, ਸਫ਼ਾਈ ਕਰਮਚਾਰੀ ਯੂਨੀਅਨ ਆਪਣੇ ਫੈਸਲੇ ਤੇ ਅੜੀ ਹੋਈ ਹੈ। ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ, ਵਾਇਸ ਪ੍ਰਧਾਨ ਵਿਸ਼ਾਲ ਕੁਮਾਰ ਅਤੇ ਜਨਰਲ ਸੈਕਟਰੀ ਸੁਨੀਲ ਕੁਮਾਰ ਨੇ ਸਪੱਸ਼ਟ ਕੀਤਾ ਕਿ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਹੋਰ ਸਹੂਲਤਾਂ ਦੇਣ ਵਰਗੇ ਅਹਿਮ ਮੁੱਦੇ ਲੰਬੇ ਸਮੇਂ ਤੋਂ ਸਰਕਾਰ ਕੋਲ ਲੰਬਿਤ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਠੋਸ ਅਤੇ ਲਿਖਤੀ ਫ਼ੈਸਲਾ ਨਹੀਂ ਲੈਂਦੀ, ਉਦੋਂ ਤੱਕ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਪ੍ਰਸ਼ਾਸਨ ਲਈ ਵੱਡੀ ਚੁਣੌਤੀ ਇੱਕ ਪਾਸੇ ਆਪਣੀਆਂ ਮੰਗਾਂ ਲਈ ਸੜਕਾਂ ਤੇ ਉਤਰੇ ਕਰਮਚਾਰੀ ਅਤੇ ਦੂਜੇ ਪਾਸੇ ਸ਼ਹਿਰ ’ਚ ਲਗਾਤਾਰ ਵਧ ਰਹੀ ਗੰਦਗੀ ਨੇ ਸਥਾਨਕ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਜੇਕਰ ਅਗਲੇ ਇੱਕ-ਦੋ ਦਿਨਾਂ ’ਚ ਇਸ ਮਸਲੇ ਦਾ ਕੋਈ ਹੱਲ ਨਾ ਕੱਢਿਆ ਗਿਆ, ਤਾਂ ਸ਼ਹਿਰ ਦੇ ਹਾਲਾਤ ਬੇਕਾਬੂ ਹੋ ਸਕਦੇ ਹਨ।