- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਪੱਕੀ ਟਿੱਬੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅੱਜ ਤੜਕੇ ਹੋਈ ਤੇਜ਼ ਬਾਰਿਸ਼ ਦੇ ਚਲਦਿਆਂ ਇੱਕ ਗਰੀਬ ਮਿਹਨਤਕਸ਼ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਹੇਠਾਂ ਆ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਮਲਬੇ ਹੇਠ ਦੱਬਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੱਤਰ ਪ੍ਰੇਰਕ, ਮਲੋਟ : ਪਿੰਡ ਪੱਕੀ ਟਿੱਬੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅੱਜ ਤੜਕੇ ਹੋਈ ਤੇਜ਼ ਬਾਰਿਸ਼ ਦੇ ਚਲਦਿਆਂ ਇੱਕ ਗਰੀਬ ਮਿਹਨਤਕਸ਼ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਹੇਠਾਂ ਆ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਮਲਬੇ ਹੇਠ ਦੱਬਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਪਿੰਡ ਪੱਕੀ ਟਿੱਬੀ ਦਾ ਇਹ ਕਿਰਤੀ ਪਰਿਵਾਰ ਉਸਾਰੀ (ਮਿਸਤਰੀ/ਮਜ਼ਦੂਰੀ) ਦਾ ਕੰਮ ਕਰਦਾ ਹੈ।
ਅੱਜ ਸਵੇਰੇ ਕਰੀਬ 5 ਵਜੇ ਜਦੋਂ ਬਾਰਿਸ਼ ਸ਼ੁਰੂ ਹੋਈ, ਤਾਂ ਪਰਿਵਾਰਕ ਮੈਂਬਰ ਬਾਹਰ ਪਿਆ ਆਪਣਾ ਸਮਾਨ ਬਚਾਉਣ ਲਈ ਕਮਰੇ ਅੰਦਰ ਸੰਭਾਲ ਰਹੇ ਸਨ। ਇਸੇ ਦੌਰਾਨ ਪੁਰਾਣਾ ਮਕਾਨ ਹੋਣ ਕਰਕੇ ਅਤੇ ਗਾਡਰ ਗਲੇ ਹੋਣ ਕਾਰਨ ਕਮਰੇ ਦੀ ਛੱਤ ਅਚਾਨਕ ਢਹਿ ਢੇਰੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਔਰਤ ਦਾ ਪੁੱਤ ਅਤੇ ਨੂੰਹ ਵੀ ਸਮਾਨ ਸੰਭਾਲ ਰਹੇ ਸਨ, ਪਰ ਉਹ ਐਨ ਵੇਲੇ ਬਾਹਰ ਨਿਕਲ ਗਏ। ਜਦੋਂ ਛੱਤ ਡਿੱਗੀ ਤਾਂ ਕਮਰੇ ਅੰਦਰ ਬਜ਼ੁਰਗ ਔਰਤ ਕੁਲਵੰਤ ਕੌਰ (ਪਤਨੀ ਗੁਰਦਾਸ ਸਿੰਘ) ਇਕੱਲੀ ਹੀ ਸੀ, ਜੋ ਮਲਬੇ ਹੇਠਾਂ ਆ ਕੇ ਗੰਭੀਰ ਰੂਪ 'ਚ ਦੱਬੀ ਗਈ।
ਘਟਨਾ ਤੋਂ ਬਾਅਦ ਭਾਰੀ ਜੱਦੋ-ਜਹਿਦ ਕਰਕੇ ਬਜ਼ੁਰਗ ਔਰਤ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਜਾਂਚ ਤੋਂ ਬਾਅਦ ਕੁਲਵੰਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੀੜਤ ਅਤੇ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ।