ਮਿਲਣਸਾਰ ਤੇ ਖ਼ੁਸ਼ ਮਿਜ਼ਾਜ ਇਨਸਾਨ ਸਨ ਹਰਨੇਕ ਸਿੰਘ ਮੇਟ ਮਿਲਣਸਾਰ ਤੇ ਖ਼ੁਸ਼ ਮਿਜ਼ਾਜ ਇਨਸਾਨ ਸਨ ਸ੍ਰ. ਹਰਨੇਕ ਸਿੰਘ ਮੇਟ
Publish Date: Thu, 12 Nov 2026 05:38 PM (IST)
Updated Date: Thu, 12 Nov 2026 05:39 PM (IST)
ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੜੇ ਹੀ ਮਿਲਣਸਾਰ ਤੇ ਖੁਸ਼ ਮਿਜ਼ਾਜ ਇਨਸਾਨ ਸ੍ਰ. ਹਰਨੇਕ ਸਿੰਘ ਮੇਟ ਸਭਨਾਂ ਨੂੰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਜਨਮ 24 ਮਈ 1951 ਨੂੰ ਮਾਤਾ ਸ੍ਰੀਮਤੀ ਗਿਆਨ ਕੌਰ ਜੀ ਦੀ ਕੁੱਖੋਂ, ਪਿਤਾ ਸ੍ਰ. ਗੁਰਚਰਨ ਸਿੰਘ ਦੇ ਗ੍ਰਹਿ ਵਿਖੇ ਪਿੰਡ ਰੱਤੀ ਰੋੜੀ (ਫਰੀਦਕੋਟ) ਵਿਖੇ ਹੋਇਆ। ਮਿਲਣਸਾਰ, ਨਿਮਰ ਤੇ ਖ਼ੁਸ਼ਦਿਲ ਸੁਭਾਅ ਦੇ ਮਾਲਕ ਸਵ. ਹਰਨੇਕ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਰੱਤੀ ਰੋੜੀ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਬਚਪਨ ਵਿੱਚ ਹੀ ਮਾਤਾ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਪਰਵਰਿਸ਼ ਪਿਤਾ ਗੁਰਚਰਨ ਸਿੰਘ ਮੇਟ ਨੇ ਕੀਤੀ। ਜਵਾਨੀ ’ਚ ਉਨ੍ਹਾਂ ਆਪਣੇ ਪਿਤਾ ਨਾਲ ਕੰਮ-ਕਾਰ ਵਿੱਚ ਹੱਥ ਵਟਾਉਂਦਿਆਂ ਜੀਅ ਤੋੜ ਮਿਹਨਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਡਰੇਨਜ਼ ਵਿਭਾਗ ’ਚ ਬਤੌਰ ਬੇਲਦਾਰ ਨੌਕਰੀ ਕੀਤੀ। ਇਮਾਨਦਾਰੀ ਤੇ ਲਗਨ ਸਦਕਾ ਉਨ੍ਹਾਂ ਵਿਭਾਗ ’ਚ ਤਰੱਕੀ ਹਾਸਲ ਕੀਤੀ ਤੇ ਮੇਟ ਦਾ ਅਹੁਦਾ ਮਿਲਿਆ। 1975 ’ਚ ਉਨ੍ਹਾਂ ਦਾ ਵਿਆਹ ਬੀਬੀ ਸੁਖਦੇਵ ਕੌਰ ਪੁੱਤਰੀ ਪ੍ਰੀਤਮ ਸਿੰਘ ਵਾਸੀ ਪਿੰਡ ਪਿਆਰੇਆਣਾ ਫਿਰੋਜ਼ਪੁਰ ਨਾਲ ਹੋਇਆ। ਵਿਆਹ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਦਸਮੇਸ਼ ਨਗਰ ਫਰੀਦਕੋਟ ਵਿਖੇ ਰੈਣ ਬਸੇਰਾ ਕੀਤਾ। ਗ੍ਰਿਹਸਤੀ ਜੀਵਨ ’ਚ ਵੀ ਉਨ੍ਹਾਂ ਨੂੰ ਮਾਲਕ ਨੇ ਰੰਗ ਭਾਗ ਲਾਏ ਤੇ ਦੋ ਬੇਟੇ ਸੁਖਵਿੰਦਰ ਸਿੰਘ ਤੇ ਰਜਿੰਦਰ ਸਿੰਘ ਤੇ ਬੇਟੀ ਕੁਲਵਿੰਦਰ ਕੌਰ ਦੀ ਦਾਤ ਨਾਲ ਨਿਵਾਜ਼ਿਆ। ਉਨ੍ਹਾਂ ਆਪਣੇ ਤਿੰਨਾਂ ਬੱਚਿਆਂ ਨੂੰ ਉਚੇਰੀ ਸਿੱਖਿਆ ਦਿਵਾਈ। ਕੁਝ ਸਮੇਂ ਬਾਅਦ ਉਨ੍ਹਾਂ ਦਾ ਛੋਟਾ ਬੇਟਾ ਰਜਿੰਦਰ ਸਿੰਘ ਗੁਰੂ ਚਰਨਾਂ ’ਚ ਜਾ ਬਿਰਾਜਿਆ। ਵੱਡਾ ਬੇਟਾ ਸੁਖਵਿੰਦਰ ਸਿੰਘ ਹੁਣ ਆਪਣਾ ਕਾਰੋਬਾਰ ਸੰਭਾਲ ਰਿਹਾ ਹੈ ਤੇ ਬੇਟੀ ਕੁਲਵਿੰਦਰ ਕੌਰ ਆਪਣੇ ਪਰਿਵਾਰ ’ਚ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਉਨ੍ਹਾਂ ਦਾ ਪੋਤਾ ਜਗਜੀਤ ਸਿੰਘ ਬੱਬੂ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ ਤੇ ਇੰਚਾਰਜ ਨਸ਼ਾ ਮੁਕਤੀ ਮੋਰਚਾ ਮਾਲਵਾ ਸੈਂਟਰਲ ਦੇ ਪੀਏ ਵਜੋਂ ਸੇਵਾਵਾਂ ਨਿਭਾ ਰਿਹਾ ਹੈ ਤੇ ਪੋਤ-ਨੂੰਹ ਜਸਪ੍ਰੀਤ ਕੌਰ ਗੁਰੂ ਤੇਗ਼ ਬਹਾਦਰ ਕਾਲਜ ਰੋਡੇ ਵਿਖੇ ਬਤੌਰ ਪ੍ਰੋਫੈਸਰ ਸੇਵਾ ਨਿਭਾ ਰਹੇ ਹਨ। ਉਹ ਡਰੇਨਜ਼ ਵਿਭਾਗ ਤੋਂ 31 ਮਈ 2011 ਨੂੰ ਸੇਵਾਮੁਕਤ ਹੋਏ। ਇਸ ਤੋਂ ਬਾਅਦ ਆਪ ਘਰ ਵਿੱਚ ਸੁਖਾਵਾਂ ਜੀਵਨ ਬਤੀਤ ਕਰ ਰਹੇ ਸਨ। ਬੀਤੀ 07 ਨਵੰਬਰ 2026 ਨੂੰ ਅਚਾਨਕ ਤਬੀਅਤ ਖ਼ਰਾਬ ਹੋਣ ਕਰ ਕੇ ਉਨ੍ਹਾਂ ਨੂੰ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਰਾਤ ਸਮੇਂ ਹਰਨੇਕ ਸਿੰਘ ਹੱਸਦੇ-ਵਸਦੇ ਪਰਿਵਾਰ ਨੂੰ ਸਦੀਵੀ ਵਿਛੋੜਾ ਗਏ। ਹਰਨੇਕ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਤੇ ਅੰਤਿਮ ਅਰਦਾਸ 17 ਨਵੰਬਰ ਮੰਗਲਵਾਰ ਨੂੰ ਗੁਰਦੁਆਰਾ ਈਸ਼ਰ ਪ੍ਰਕਾਸ਼ ਸਾਹਿਬ, ਟੀਚਰ ਕਾਲੋਨੀ, ਫਰੀਦਕੋਟ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਹੋਵੇਗੀ।