
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਰਐੱਸਐੱਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਜ਼ਾਦੀ ਦਿਹਾੜਾ ਸ਼ਰਧਾ ਤੇ ਦੇਸ਼ ਭਗਤੀ ਨਾਲ ਮਨਾਇਆ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਸ੍ਰੀ ਮੁਕਤਸਰ ਸਾਹਿਬ ਵੱਲੋਂ ਸੰਘ ਕਾਰਿਆਲੇ ਵਿਖੇ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਬੜੀ ਸ਼ਰਧਾ, ਉਤਸ਼ਾਹ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸੰਘ ਚਾਲਕ ਜਸਵਿੰਦਰ ਸ਼ਰਮਾ ਵੱਲੋਂ ਰਾਸ਼ਟਰੀ ਤਿਰੰਗਾ ਲਹਿਰਾਇਆ ਗਿਆ। ਸਮੂਹ ਸਵੈਮਸੇਵਕਾਂ ਵੱਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਰਵਪੱਖੀ ਤਰੱਕੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸੰਘ ਚਾਲਕ ਜਸਵਿੰਦਰ ਸ਼ਰਮਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਲੰਮੇ ਸੰਘਰਸ਼, ਅਣਗਿਣਤ ਕੁਰਬਾਨੀਆਂ ਅਤੇ ਸ਼ਹੀਦਾਂ ਦੀਆਂ ਅਸਹਿ ਪੀੜਾਂ ਤੋਂ ਬਾਅਦ ਪ੍ਰਾਪਤ ਹੋਈ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖੀਏ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਵੈਮਸੇਵਕ ਸੰਘ ਨੇ ਹਮੇਸ਼ਾ ਰਾਸ਼ਟਰ ਸੇਵਾ, ਸਮਾਜਿਕ ਏਕਤਾ, ਅਨੁਸ਼ਾਸਨ ਅਤੇ ਦੇਸ਼ ਹਿੱਤ ਨੂੰ ਆਪਣਾ ਮੁੱਖ ਉਦੇਸ਼ ਮੰਨਿਆ ਹੈ। ਸੰਘ ਦੇ ਸਵੈਮਸੇਵਕਾਂ ਨੇ ਸਮੇਂ-ਸਮੇਂ ’ਤੇ ਦੇਸ਼ ਅਤੇ ਸਮਾਜ ਦੀ ਲੋੜ ਦੇ ਸਮੇਂ ਸੇਵਾ, ਸਹਿਯੋਗ ਅਤੇ ਸਮਰਪਣ ਦੀ ਭਾਵਨਾ ਨਾਲ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਆਜ਼ਾਦੀ ਦੇ ਸੰਘਰਸ਼ ਦੇ ਹਾਲਾਤਾਂ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਵੱਲੋਂ ਦੇਖੇ ਗਏ ਭਾਰਤ ਦੇ ਸੁਪਨਿਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਸੁਪਨਾ ਇੱਕ ਅਜਿਹੇ ਭਾਰਤ ਦਾ ਸੀ ਜੋ ਮਜ਼ਬੂਤ, ਆਤਮਨਿਰਭਰ, ਸੰਗਠਿਤ ਅਤੇ ਸਮਾਜਿਕ ਤੌਰ ’ਤੇ ਏਕਜੁੱਟ ਹੋਵੇ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਅਤੇ ਬਲਿਦਾਨ ਤੋਂ ਪ੍ਰੇਰਣਾ ਲੈ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ’ਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਸਿਰਫ਼ ਇੱਕ ਦਿਨ ਮਨਾਉਣ ਦਾ ਤਿਉਹਾਰ ਨਹੀਂ, ਸਗੋਂ ਇਹ ਸਾਨੂੰ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਣ ਵਾਲਾ ਪਵਿੱਤਰ ਦਿਹਾੜਾ ਹੈ। ਦੇਸ਼ ਦੀ ਤਰੱਕੀ ਵਿੱਚ ਹਰ ਨਾਗਰਿਕ ਦਾ ਯੋਗਦਾਨ ਮਹੱਤਵਪੂਰਨ ਹੈ ਅਤੇ ਸਾਨੂੰ ਆਪਣੇ ਫਰਜ਼ਾਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਦੀਪ ਧੂੜੀਆਂ , ਅੰਕੀਤ ਸ਼ਰਮਾ ਹੇਮਤ ਧਵਨ, ਗੁਰਪ੍ਰੀਤ ਸਿੰਘ ਹਰਮੀਤ ਸਿੰਘ, ਸੁਰੇਸ਼, ਨਰਿੰਦਰ ਅਤੇ ਰਾਜੇਸ਼ ਸਮੇਤ ਵੱਡੀ ਗਿਣਤੀ ’ਚ ਸਵੈਮਸੇਵਕ ਹਾਜ਼ਰ ਸਨ। ਸਮਾਗਮ ਦੌਰਾਨ ਦੇਸ਼ ਦੀ ਏਕਤਾ, ਅਖੰਡਤਾ, ਖੁਸ਼ਹਾਲੀ ਅਤੇ ਸਰਵਪੱਖੀ ਤਰੱਕੀ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।