92 ਲੱਖ ਦਾ ਫੰਡ, ਫਿਰ ਵੀ ਟੋਇਆਂ ’ਚ ਬਾਈਪਾਸ, ਮੁਰੰਮਤ ’ਤੇ ਸੀਵਰੇਜ ਦਾ ਬ੍ਰੇਕ 92 ਲੱਖ ਦਾ ਫੰਡ, ਫਿਰ ਵੀ ਟੋਇਿਆਂ ’ਚ ਬਾਈਪਾਸ; ਮੁਰੰਮਤ ’ਤੇ ਸੀਵਰੇਜ ਦਾ ਬ੍ਰੇਕ
Publish Date: Fri, 23 Oct 2026 05:30 PM (IST)
Updated Date: Fri, 23 Oct 2026 05:30 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ’ਚ ਕੋਟਕਪੂਰਾ-ਬਠਿੰਡਾ ਰੋਡ ਬਾਈਪਾਸ ਦੀ ਖ਼ਸਤਾ ਹਾਲਤ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਸਿਰਦਰਦੀ ਬਣੀ ਹੋਈ ਹੈ। ਸੜਕ ’ਤੇ ਥਾਂ-ਥਾਂ ਡੂੰਘੇ ਟੋਏ ਹੋਣ ਕਾਰਨ ਆਵਾਜਾਈ ਬਹੁਤ ਮੁਸ਼ਕਲ ਹੋ ਗਈ ਹੈ। ਦਿਨ ਦੇ ਸਮੇਂ ਵਾਹਨ ਚਾਲਕਾਂ ਨੂੰ ਸੰਭਲ ਕੇ ਨਿਕਲਣਾ ਪੈਂਦਾ ਹੈ, ਜਦਕਿ ਰਾਤ ਦੇ ਹਨ੍ਹੇਰੇ ’ਚ ਟੋਏ ਨਾ ਦਿਸਣ ਕਾਰਨ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਸੜਕ ਦੀ ਮੁਰੰਮਤ ਲਈ ਕਰੀਬ 92 ਲੱਖ ਰੁਪਏ ਦਾ ਫੰਡ ਆਉਣ ਅਤੇ ਉਸਾਰੀ ਦਾ ਕੰਮ ਸ਼ੁਰੂ ਹੋਣ ਦੇ ਬਾਵਜੂਦ ਲੋਕਾਂ ਨੂੰ ਰਾਹਤ ਨਹੀਂ ਮਿਲ ਸਕੀ ਹੈ। ਜਾਣਕਾਰੀ ਅਨੁਸਾਰ ਮਲੋਟ-ਬਠਿੰਡਾ ਰੋਡ ਬਾਈਪਾਸ ਅਤੇ ਕੋਟਕਪੂਰਾ-ਬਠਿੰਡਾ ਰੋਡ ਬਾਈਪਾਸ ਦੀਆਂ ਸੜਕਾਂ ਦੀ ਮੁਰੰਮਤ ਲਈ ਕਰੀਬ 92 ਲੱਖ ਰੁਪਏ ਦਾ ਫੰਡ ਆਇਆ ਸੀ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਉਸਾਰੀ ਦੇ ਕੰਮ ਦਾ ਉਦਘਾਟਨ ਵੀ ਕੀਤਾ ਸੀ। ਇਸ ਨਾਲ ਲੋਕਾਂ ਨੂੰ ਉਮੀਦ ਜਾਗੀ ਸੀ ਕਿ ਜਲਦੀ ਹੀ ਸੜਕ ਦੀ ਹਾਲਤ ਸੁਧਰੇਗੀ ਅਤੇ ਸਫ਼ਰ ਸੌਖਾ ਹੋਵੇਗਾ। ਪਰ ਅੰਮ੍ਰਿਤ ਯੋਜਨਾ ਤਹਿਤ ਸੀਵਰੇਜ ਪਾਈਪਲਾਈਨ ਪਾਉਣ ਦਾ ਕੰਮ ਸਾਹਮਣੇ ਆਉਣ ਤੋਂ ਬਾਅਦ ਮੁਰੰਮਤ ਦਾ ਕੰਮ ਰੋਕ ਦਿੱਤਾ ਗਿਆ। ਹੁਣ ਸੜਕ ਦੀ ਬਦਹਾਲੀ ਅਤੇ ਪਾਈਪਲਾਈਨ ਦਾ ਕੰਮ ਸ਼ੁਰੂ ਹੋਣ ਵਿੱਚ ਦੇਰੀ ਲੋਕਾਂ ਦੀ ਪ੍ਰੇਸ਼ਾਨੀ ਵਧਾ ਰਹੀ ਹੈ। ਸੀਵਰੇਜ ਦਾ ਪਾਣੀ ਫੈਲਣ ਨਾਲ ਵਾਰ-ਵਾਰ ਟੁੱਟ ਰਹੀ ਸੜਕ ਦੂਜੇ ਪਾਸੇ, ਮੰਡੀ ਬੋਰਡ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਸੜਕ ਦੀ ਪਹਿਲਾਂ ਵੀ ਦੋ ਤੋਂ ਤਿੰਨ ਵਾਰ ਮੁਰੰਮਤ ਕਰਵਾਈ ਜਾ ਚੁੱਕੀ ਹੈ। ਇਸਦੇ ਬਾਵਜੂਦ ਸੀਵਰੇਜ ਦਾ ਪਾਣੀ ਸੜਕ ’ਤੇ ਫੈਲਣ ਨਾਲ ਇਸ ਦੀ ਹਾਲਤ ਦੁਬਾਰਾ ਖ਼ਰਾਬ ਹੋ ਜਾਂਦੀ ਹੈ ਅਤੇ ਥਾਂ-ਥਾਂ ਟੋਏ ਬਣ ਜਾਂਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਭਾਗ ਫਿਰ ਤੋਂ ਕੋਸ਼ਿਸ਼ ਕਰੇਗਾ ਕਿ ਸੜਕ ਦੀ ਕੁਝ ਮੁਰੰਮਤ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਪਾਈਪਲਾਈਨ ਪਾਉਣ ’ਚ ਲੱਗ ਸਕਦੇ ਦੋ ਮਹੀਨੇ : ਐਕਸੀਅਨ ਗਰਗ ਪਬਲਿਕ ਹੈਲਥ ਵਿਭਾਗ ਦੇ ਐਕਸੀਅਨ ਕੇਵਲ ਗਰਗ ਨੇ ਦੱਸਿਆ ਕਿ ਸ਼ਹਿਰ ’ਚ ਪਹਿਲਾਂ ਹੀ ਕਈ ਥਾਵਾਂ ’ਤੇ ਸੜਕਾਂ ਪੁੱਟੀਆਂ ਹੋਈਆਂ ਹਨ। ਅਜਿਹੇ ’ਚ ਬਾਈਪਾਸ ’ਤੇ ਵੀ ਸੀਵਰੇਜ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕਰਨ ਨਾਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਸੀ। ਇਸ ਨਾਲ ਲੋਕਾਂ ਨੂੰ ਆਉਣ-ਜਾਣ ’ਚ ਹੋਰ ਵੀ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਸੀਵਰੇਜ ਪਾਈਪਲਾਈਨ ਲਈ ਬਣਾਏ ਜਾਣ ਵਾਲੇ ਮੈਨਹੋਲ ਕਰੀਬ ਪੰਜ ਫ਼ੁੱਟ ਡੂੰਘੇ ਹੋਣਗੇ। ਉਸਾਰੀ ਦੇ ਕੰਮ ਦੌਰਾਨ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਲੋੜ ਵੀ ਪੈ ਸਕਦੀ ਹੈ। ਉਨ੍ਹਾਂ ਅਨੁਸਾਰ ਪਾਈਪਲਾਈਨ ਪਾਉਣ ਦਾ ਕੰਮ ਪੂਰਾ ਕਰਨ ’ਚ ਲਗਭਗ ਦੋ ਮਹੀਨੇ ਲੱਗ ਸਕਦੇ ਹਨ। ਇਸੇ ਵਜ੍ਹਾ ਕਰਕੇ ਲੋਕਾਂ ਦੀ ਆਵਾਜਾਈ ਨੂੰ ਧਿਆਨ ’ਚ ਰੱਖਦਿਆਂ ਕੰਮ ਸ਼ੁਰੂ ਕਰਨ ’ਚ ਦੇਰੀ ਕੀਤੀ ਗਈ ਹੈ।