ਨਰਮੇ ’ਤੇ ਚਿੱਟੀ ਮੱਖੀ ਅਤੇ ਭੂਰੀ ਜੂੰ ਦਾ ਹਮਲਾ, ਕਿਸਨ ਚਿੰਤਤ ਚਿੱਟੀ ਮੱਖੀ ਅਤੇ ਭੂਰੀ ਜੂੰ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਤਰਾ, ਕਿਸਾਨ ਚਿੰਤਤ
Publish Date: Mon, 20 Jul 2026 06:45 PM (IST)
Updated Date: Mon, 20 Jul 2026 06:46 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕਦੇ ‘ਨਰਮਾ ਪੱਟੀ’ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਇਸ ਵਾਰ ਵੀ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ (ਚਿੱਟੇ ਮੱਛਰ) ਦਾ ਹਮਲਾ ਕਿਸਾਨਾਂ ਦੀ ਚਿੰਤਾ ਵਧਾ ਰਿਹਾ ਹੈ। ਜ਼ਿਲ੍ਹੇ ’ਚ ਇਸ ਸੀਜ਼ਨ ਦੌਰਾਨ 12 ਹਜ਼ਾਰ ਹੈਕਟੇਅਰ ਰਕਬੇ ’ਚ ਨਰਮੇ ਦੀ ਬਿਜਾਈ ਹੋਈ ਹੈ, ਪਰ ਲਗਾਤਾਰ ਪੈ ਰਹੀ ਗਰਮੀ ਅਤੇ ਮੀਂਹ ਨਾ ਪੈਣ ਕਾਰਨ ਚਿੱਟੀ ਮੱਖੀ ਦੇ ਨਾਲ-ਨਾਲ ਭੂਰੀ ਜੂੰ ਨੇ ਵੀ ਫ਼ਸਲ ਤ’ ਦੋਹਰਾ ਹਮਲਾ ਕਰ ਦਿੱਤਾ ਹੈ। ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਨਮੀ ਦੀ ਕਮੀ ਹੈ। ਨਹਿਰੀ ਪਾਣੀ ਵੀ ਸਮੇਂ ਸਿਰ ਨਹੀਂ ਮਿਲ ਰਿਹਾ, ਜਿਸ ਕਾਰਨ ਚਿੱਟੀ ਮੱਖੀ ਤੇਜ਼ੀ ਨਾਲ ਪਨਪ ਰਹੀ ਹੈ। ਕਿਸਾਨਾਂ ਨੇ ਜ਼ਾਹਰ ਕੀਤੀ ਚਿੰਤਾ ਪਿੰਡ ਭਾਗਸਰ ਦੇ ਨਿਵਾਸੀ ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ 11 ਏਕੜ ਰਕਬੇ ’ਚ ਠੇਕੇ ’ਤੇ ਨਰਮੇ ਦੀ ਖੇਤੀ ਕਰ ਰਹੇ ਹਨ। ਇਸ ਵਾਰ ਨਰਮੇ ਦੀ ਫ਼ਸਲ ’ਤੇ ਦੋਹਰਾ ਹਮਲਾ ਹੋ ਰਿਹਾ ਹੈ। ਮੀਂਹ ਨਾ ਪੈਣ ਕਾਰਨ ਇੱਕ ਪਾਸੇ ਚਿੱਟੀ ਮੱਖੀ ਅਤੇ ਦੂਜੇ ਪਾਸੇ ਭੂਰੀ ਜੂੰ ਦਾ ਹਮਲਾ ਹੋਇਆ ਹੈ, ਜਿਸ ਨਾਲ ਨਰਮੇ ਦੇ ਪੱਤੇ ਇਕੱਠੇ ਹੋ ਕੇ ਸੜ ਰਹੇ ਹਨ ਅਤੇ ਇਸ ਨਾਲ ਫ਼ਸਲ ਦਾ ਝਾੜ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਮਿਲਣ ਦਾ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ, ਜਿਸ ਕਾਰਨ ਖੇਤਾਂ ਨੂੰ ਪੂਰਾ ਪਾਣੀ ਨਹੀਂ ਮਿਲ ਪਾ ਰਿਹਾ। ਉੱਪਰੋਂ ਮੀਂਹ ਨਾ ਪੈਣ ਕਾਰਨ ਫ਼ਸਲ ’ਤੇ ਚਿੱਟੀ ਮੱਖੀ ਅਤੇ ਭੂਰੀ ਜੂੰ ਦਾ ਹਮਲਾ ਹੋਰ ਤੇਜ਼ ਹੋ ਗਿਆ ਹੈ। ਕਿਸਾਨ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਚਿੱਟੀ ਮੱਖੀ ਕਾਰਨ ਨਰਮੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਕਹਿਣ ’ਤੇ ਸਪਰੇਅ ਵਗੈਰਾ ਤਾਂ ਕਰ ਰਹੇ ਹਾਂ, ਪਰ ਜਿੰਨਾ ਚਿਰ ਮੀਂਹ ਨਹੀਂ ਪੈਂਦਾ, ਓਨਾਂ ਚਿਰ ਕੋਈ ਬਹੁਤਾ ਫ਼ਰਕ ਪੈਣ ਵਾਲਾ ਨਹੀਂ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਅੰਦਰ ਖਾਸ ਕਰ ਮਾਲਵਾ ਏਰੀਆ ’ਚ ਕਪਾਹ ਦੀ ਫਸਲ ਬਹੁਤ ਵਧੀਆ ਹੁੰਦੀ ਸੀ ਪਰ ਸਾਡੀਆਂ ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਨੇ ਮਿਲ ਕੇ ਸਾਡੇ ਦੇਸੀ ਬੀਜ ਨੂੰ ਖਤਮ ਕਰਕੇ ਉਸ ਦੀ ਥਾਂ ਬੀਟੀ ਕਾਟਨ ਦੇ ਬੀਜ ਲਿਆਂਦੇ ਤਾਂ ਕਿ ਕਿਸਾਨਾਂ ਦੀ ਬੀਜ ਦੇ ਤੌਰ ਤੇ ਅਤੇ ਪੈਸਟੀਸਾਈਡ ਦੇ ਤੌਰ ਤੇ ਲੁੱਟ ਕੀਤੀ ਜਾ ਸਕੇ। ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ, ਭਾਗਸਰ, ਨੰਦਗੜ੍ਹ, ਗੰਧੜ ਤੇ ਹੋਰ ਪਿੰਡਾਂ ਦੇ ਵਿੱਚੋਂ ਪਤਾ ਲੱਗਿਆ ਹੈ ਕਿ ਨਰਮੇ ਦੀ ਫਸਲ ਤੇ ਚਿੱਟਾ ਮੱਛਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਜਿਸ ਨਾਲ ਨਰਮੇ ਦੀ ਫਸਲ ਝਾੜ ਘਟਣ ਦਾ ਖਦਸਾ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਪੁਰਾਣੇ ਦੇਸੀ ਬੀਜ ਸਾਨੂੰ ਦਿੱਤੇ ਜਾਣ ਅਤੇ ਝੋਨੇ ਦੀ ਫਸਲ ਤੋਂ ਕਿਸਾਨੀ ਦਾ ਖਹਿੜਾ ਛਡਾਇਆ ਜਾਵੇ ਤਾਂ ਕਿ ਕਿਸਾਨ ਦੁਬਾਰਾ ਖੁਸ਼ਹਾਲ ਹੋ ਸਕੇ। ਦੁਬਾਰਾ ਫਿਰ ਮੰਗ ਕੀਤੀ ਜਾਂਦੀ ਹੈ ਕਿ ਜਿਨਾਂ ਕਿਸਾਨਾਂ ਦੇ ਨਰਮੇ ਦਾ ਨੁਕਸਾਨ ਹੋਇਆ ਉਹ ਵੀ ਭਰਪਾਈ ਕੀਤੀ ਜਾਵੇ ਅਤੇ ਨਰਮੇ ਦੀ ਫਸਲ ਨੂੰ ਉਤਸਾਹਿਤ ਕਰਕੇ ਝੋਨੇ ਤੋਂ ਖਹਿੜਾ ਛਡਾਇਆ ਜਾਵੇ। ਰਕਬਾ ਅੱਧੇ ਨਾਲੋਂ ਵੀ ਘਟਿਆ ਕਦੇ ਜ਼ਿਲ੍ਹੇ ’ਚ 50 ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ’ਚ ਨਰਮਾ ਬੀਜਿਆ ਜਾਂਦਾ ਸੀ। ਕੀੜਿਆਂ ਦੇ ਲਗਾਤਾਰ ਹਮਲਿਆਂ ਅਤੇ ਲਾਗਤ ਵਧਣ ਕਾਰਨ ਕਿਸਾਨ ਹੁਣ ਦੂਜੀਆਂ ਫ਼ਸਲਾਂ ਵੱਲ ਮੁੜ ਰਹੇ ਹਨ। ਇਸੇ ਕਾਰਨ ਨਰਮੇ ਹੇਠਲਾ ਰਕਬਾ ਘਟ ਕੇ ਹੁਣ ਸਿਰਫ਼ 12 ਹਜ਼ਾਰ ਹੈਕਟੇਅਰ ਰਹਿ ਗਿਆ ਹੈ। ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ : ਖੇਤੀਬਾੜੀ ਅਫ਼ਸਰ ਜਦੋਂ ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਸਮੇਂ 12 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਹੈ। ਮੀਂਹ ਪੈਣ ਨਾਲ ਚਿੱਟੀ ਮੱਖੀ ਦੇ ਹਮਲੇ ਦਾ ਅਸਰ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।