
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੱਧ ਰਹੀ ਮਹਿੰਗਾਈ ਨੇ ਸਾਰਿਆਂ ਦਾ ਜਿਊਣਾ ਮੁਸ਼ਕਿਲ ਕੀਤਾ : ਗਗਨ ਥੰਨਾ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੈਟਰੋਲ, ਡੀਜ਼ਲ ਅਤੇ ਗੈਸ ਤੋਂ ਪਿਛੋਂ ਹਰ ਤਰ੍ਹਾਂ ਦੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਆਮ ਵਰਤੋਂ ਦੀਆਂ ਚੀਜ਼ਾਂ ਖਰੀਦਣਾ ਆਮ ਆਦਮੀ ਦੇ ਵਸੋਂ ਬਾਹਰ ਹੋ ਗਿਆ ਹੈ। ਹਰ ਘਰ ਦਾ ਬੱਜਟ ਵਿਗੜ ਚੁੱਕਾ ਹੈ। ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜਿਊਣਾ ਦੁਭਰ ਕਰ ਦਿੱਤਾ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਪ੍ਰੋਜੈਕਟ ਮੈਨੇਜਰ ਗਗਨ ਥੰਨਾ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਮਿਸ਼ਨ ਦੀਆਂ ਹੋਰਨਾਂ ਮਹਿਲਾ ਮੈਂਬਰਾਂ ਦੇ ਵਿਚਾਰ ਅੱਜ ਇਥੇ ਪ੍ਰੈਸ ਨਾਲ ਸਾਂਝੇ ਕੀਤੇ ਹਨ। ਸਥਾਨਕ ਪੰਜਾਬ ਨੈਸ਼ਨਲ ਬੈਂਕ ’ਚ ਤਾਇਨਾਤ ਮਿਸ਼ਨ ਦੀ ਸੰਸਥਾਪਕ ਮੈਂਬਰ ਸ਼ੈਲਜਾ ਗਿਰਧਰ ਨੇ ਕਿਹਾ ਹੈ ਕਿ ਵੱਧ ਰਹੀ ਮਹਿੰਗਾਈ ਨਾਲ ਰਸੋਈ ਦੀਆਂ ਜਰੂਰਤਾਂ, ਘਰੇਲੂ ਵਰਤੋਂ ਦੇ ਪਦਾਰਥ ਅਤੇ ਬੱਚਿਆਂ ਦੀ ਸਿੱਖਿਆ ਬਹੁਤ ਮਹਿੰਗੀ ਹੋ ਗਈ ਹੈ। ਮਹਿੰਗਾਈ ਦੇ ਇਸ ਦੌਰ ’ਚ ਹਰੇਕ ਘਰ ਦਾ ਬੱਜਟ ਡਾਵਾਂ ਡੋਲ ਹੋ ਗਿਆ ਹੈ। ਪੰਜਾਬ ਸਿੱਖਿਆ ਵਿਭਾਗ ਵਿਚੋਂ ਸੇਵਾ ਮੁਕਤ ਮੁੱਖ ਅਧਿਆਪਕਾ ਅਤੇ ਮਿਸ਼ਨ ਮੈਂਬਰ ਬਿਮਲਾ ਢੋਸੀਵਾਲ ਨੇ ਕਿਹਾ ਕਿ ਇਕ ਸੋਚੀ ਸਮਝੀ ਚਾਲ ਤਹਿਤ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਅਤੇ ਲਾਭ ਪਹੁੰਚਾਉਣ ਲਈ ਹੀ ਮਹਿੰਗਾਈ ’ਚ ਬੇਤਹਾਸ਼ਾ ਵਾਧਾ ਕੀਤਾ ਜਾ ਰਿਹਾ ਹੈ। ਮਿਸ਼ਨ ਦੇ ਲੋਕ ਸੰਪਰਕ ਵਿੰਗ ਦੇ ਡਿਪਟੀ ਡਾਇਰੈਕਟਰ ਦੀ ਧਰਮ ਪਤਨੀ ਕੰਚਨ ਅਰੋੜਾ ਨੇ ਕਿਹਾ ਹੈ ਕਿ ਵੱਧ ਰਹੀ ਮਹਿੰਗਾਈ ਨੇ ਆਉਣ ਵਾਲੇ ਤਿਉਹਾਰਾਂ ਦਾ ਸਵਾਦ ਫਿੱਕਾ ਕਰ ਦਿੱਤਾ ਹੈ। ਸਰਕਾਰ ਨੂੰ ਮਹਿੰਗਾਈ ਰੋਕਣ ਲਈ ਉਚਿਤ ਕਦਮ ਉਠਾਉਣ ਚਾਹੀਦੇ ਹਨ। ਇਸੇ ਤਰ੍ਹਾਂ ਸਥਾਨਕ ਬਠਿੰਡਾ ਰੋਡ ਸਥਿਤ ‘ਮਾਇ ਛੋਟਾ ਸਕੂਲ’ ਦੀ ਪ੍ਰਿੰਸੀਪਲ ਅਤੇ ਲੰਮੇ ਸਮੇਂ ਤੋਂ ਮਿਸ਼ਨ ਵਿਚ ਸੇਵਾਵਾਂ ਨਿਭਾ ਰਹੇ ਰੇਨੂੰ ਗਿਰਧਰ ਨੇ ਕਿਹਾ ਹੈ ਕਿ ਜੇ ਮਹਿੰਗਾਈ ਦੀ ਰਫ਼ਤਾਰ ਇਸੇ ਤਰ੍ਹਾਂ ਵੱਧਦੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਬੇਹੱਦ ਖਤਰਨਾਕ ਅਤੇ ਵਿਸਫੋਟਕ ਹੋ ਸਕਦੀ ਹੈ। ਸਰਕਾਰ ਨੂੰ ਡੀਜ਼ਲ, ਪੈਟਰੋਲ, ਗੈਸ, ਘਰੇਲੂ ਵਰਤੋਂ ਦੀਆਂ ਵਸਤਾਂ ਅਤੇ ਫਲ਼ ਸਬਜ਼ੀਆਂ ਆਦਿ ਸਮੇਤ ਹਰ ਚੀਜ਼ ਦੀ ਕੀਮਤ ’ਤੇ ਕੰਟਰੋਲ ਕਰਨਾ ਚਾਹੀਦਾ ਹੈ। ਸਥਾਨਕ ਨਗਰ ਕੌਂਸਲ ਦੀ ਸਾਬਕਾ ਕੌਂਸਲਰ ਤੇ ਮਿਸ਼ਨ ਦੀ ਸੰਸਥਾਪਕ ਟੀਮ ਦੀ ਮੈਂਬਰ ਇੰਦਰਜੀਤ ਕੌਰ ਜੱਗਾ ਨੇ ਵੀ ਵੱਧ ਰਹੀ ਮਹਿੰਗਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ, ਕਾਰਪੋਰੇਟ ਘਰਾਣਿਆਂ, ਜਮਾਂ ਖੋਰਾਂ ਅਤੇ ਮਿਲਾਵਟ ਖੋਰਾਂ ਦੀ ਸਾਂਝੀ ਮਿਲੀਭੁਗਤ ਨਾਲ ਆਮ ਲੋਕ ਵੱਧ ਰਹੀ ਮਹਿੰਗਾਈ ਦਾ ਸੰਤਾਪ ਹੰਢਾ ਰਹੇ ਹਨ। ਉਨ੍ਹਾਂ ਨੇ ਇਸ ਮਹਿੰਗਾਈ ਨੂੰ ਰੋਕਣ ਲਈ ਉਚਿਤ ਕਦਮ ਉਠਾਏ ਜਾਣ ਦੀ ਲੋੜ ’ਤੇ ਜੋਰ ਦਿੱਤਾ ਹੈ।