ਸਰਕਾਰੀ ਗਊਸ਼ਾਲਾ ’ਚ ਲਾਵਾਰਿਸ ਪਸ਼ੂਆਂ ਨੂੰ ਲੈ ਕੇ ਜਾਣ ਸਬੰਧੀ ਹੋਈ ਰਿਵਿਊ ਮੀਟਿੰਗ ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਵਿਖੇ ਆਵਾਰਾ ਪਸ਼ੂਆਂ ਨੂੰ ਲੈ ਕੇ ਜਾਣ ਸਬੰਧੀ ਹੋਈ ਰਿਵੀਊ ਮੀਟਿੰਗ
Publish Date: Thu, 23 Jul 2026 06:49 PM (IST)
Updated Date: Thu, 23 Jul 2026 06:52 PM (IST)
- ਸ਼ਹਿਰ ਅੰਦਰ ਲਾਵਾਰਿਸ ਪਸ਼ੂ ਛੱਡਣ ’ਤੇ ਹੋਵੇਗੀ ਸਖ਼ਤ ਕਾਰਵਾਈ - ਲਾਵਾਰਿਸ ਪਸ਼ੂਆਂ ਨੂੰ ਸੜਕ ’ਤੇ ਨਾ ਛੱਡਣ ਦੀ ਅਪੀਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਡੈਵੀ ਗੋਇਲ ਨੇ ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰਾਂ ’ਚ ਲਾਵਾਰਿਸ ਪਸ਼ੂਆਂ ਦੀ ਰੋਕਥਾਮ ਲਈ ਵੱਖ-ਵੱਖ ਵਿਭਾਗਾਂ ਨਾਲ ਅਹਿਮ ਮੀਟਿੰਗ ਕੀਤੀ। ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਗਊਸ਼ਾਲਾ ਰੱਤਾ ਟਿੱਬਾ ਵਿਖੇ ਪਸ਼ੂਆਂ ਦੀ ਵੈਕਸੀਨ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧੀ ਵੈਟਨਰੀ ਟੀਮ ਦੀ ਤਾਇਨਾਤੀ ਕੀਤੀ ਜਾਵੇ। ਇਸਤੋਂ ਇਲਾਵਾ ਪਸ਼ੂਆਂ ਦੀ ਸਿਹਤ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਵੀ ਲਗਾਏ ਜਾਣ। ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਦੀਆਂ ਮੁੱਖ ਸੜਕਾਂ ਜੋ ਪਿੰਡਾਂ ਦੀਆਂ ਲਿੰਕ ਸੜਕਾਂ ਨਾਲ ਜੁੜਦੀਆਂ ਹਨ ਉਨ੍ਹਾਂ ’ਤੇ ਕੜੀ ਨਜ਼ਰ ਰੱਖੀ ਜਾਵੇ ਤਾਂ ਜੋ ਲੋਕ ਆਪਣੇ ਲਾਵਾਰਿਸ ਪਸ਼ੂਆਂ ਨੂੰ ਸ਼ਹਿਰਾਂ ’ਚ ਨਾ ਛੱਡ ਸਕਣ ਅਤੇ ਦੁਰਘਟਨਾਵਾਂ ਨੂੰ ਵਾਪਰਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਮੀਟਿੰਗ ’ਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ’ਚ ਲਾਵਾਰਿਸ ਪਸ਼ੂਆਂ ਦੀ ਰੋਕਥਾਮ ਲਈ ਉਚੇਚੇ ਪ੍ਰਬੰਧ ਕੀਤੇ ਜਾਣ ਅਤੇ ਜਿਹੜਾ ਵੀ ਵਿਅਕਤੀ ਨਜਾਇਜ ਤੌਰ ’ਤੇ ਲਾਵਾਰਿਸ ਪਸ਼ੂ ਸ਼ਹਿਰ ’ਚ ਛੱਡਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਬਲਾਕ ਅਧੀਨ ਆਉਂਦੇ ਪਿੰਡਾਂ ’ਚ ਗਊਸ਼ਾਲਾਵਾਂ ਬਣਾਉਣ ਲਈ ਕਿਸੇ ਉੱਚਿਤ ਥਾਂ ਦੀ ਚੋਣ ਕਰਨ ਅਤੇ ਇਸਤੋਂ ਇਲਾਵਾ ਪਿੰਡਾਂ ’ਚ ਵੀ ਜੇਕਰ ਕੋਈ ਲਾਵਾਰਿਸ ਪਸ਼ੂਆਂ ਨੂੰ ਛੱਡਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਵੀ ਜਾਨਵਰ ਨੂੰ ਸੰਭਾਲਣ ਦੀ ਸਮਰੱਥਾ ਨਾ ਹੋਵੇ ਤਾਂ ਉਹ ਜਾਨਵਰ ਨੂੰ ਸੜਕਾਂ ’ਤੇ ਲਾਵਾਰਿਸ ਛੱਡਣ ਦੀ ਬਜਾਏ ਉਸ ਨੂੰ ਰੱਤਾ ਟਿੱਬਾ ਦੀ ਸਰਕਾਰੀ ਕੈਟਲ ਪਾਊਂਡ ਗਊਸ਼ਾਲਾ ਰੱਤਾ ਟਿੱਬਾ ਵਿਖੇ ਛੱਡ ਕੇ ਆਵੇ। ਉਨ੍ਹਾਂ ਕਿਹਾ ਕਿ ਬੇਸਹਾਰਾ ਜਾਨਵਰਾਂ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਰੋਕਣ ਲਈ ਸਭ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਿੱਤ ਸਿੰਘ ਔਲਖ, ਕਾਰਜ ਸਾਧਕ ਅਫ਼ਸਰ ਵਰੁਨ ਸਹੋਤਾ, ਬੀਡੀਪੀਓ ਸਵਰਨ ਸਿੰਘ ਤੋਂ ਇਲਾਵਾ ਸਮੂਹ ਕਾਰਜ ਸਾਧਕ ਅਫ਼ਸਰ, ਬੀਡੀਪੀਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।