20 ’ਚੋਂ 19 ਸਫਾਈ ਸੇਵਕਾਂ ਨੂੰ ਰੈਗੂਲਰ ਕਰਨ ਲਈ ਨਗਰ ਕੌਂਸਲ ਹਾਊਸ ’ਚ ਮਤਾ ਪਾਸ 20 ’ਚੋਂ 19 ਸਫਾਈ ਸੇਵਕਾਂ ਨੂੰ ਰੈਗੂਲਰ ਕਰਨ ਲਈ ਨਗਰ ਕੌਂਸਲ ਹਾਊਸ ’ਚ ਮਤਾ ਪਾਸ
Publish Date: Thu, 01 Oct 2026 04:25 PM (IST)
Updated Date: Fri, 02 Oct 2026 04:02 AM (IST)
ਸਫਾਈ ਸੇਵਕਾਂ ਨੂੰ ਰੈਗੂਲਰ ਕਰਨ ਲਈ ਇਹ ਮਤਾ ਇਕ ਅਹਿਮ ਕਦਮ : ਢਿੱਲੋਂ, ਜੈਨ ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਨਗਰ ਕੌਂਸਲ ਗਿੱਦੜਬਾਹਾ ਵਿਖੇ ਕਟਰੈਕਟ ਦੇ ਆਧਾਰ ’ਤੇ ਪਿਛਲੇ ਲੰਬੇ ਸਮੇਂ ਤੋਂ ਬਤੌਰ ਸਫਾਈ ਸੇਵਕ ਆਪਣੀਆਂ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਦਿਸ਼ਾ ’ਚ ਅੱਜ ਅਹਿਮ ਕਦਮ ਚੁੱਕਿਆ ਗਿਆ। ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂ ਦੀ ਅਗਵਾਈ ’ਚ ਹਾਊਸ ਦੀ ਹੋਈ ਮੀਟਿੰਗ ਦੌਰਾਨ 20 ਸਫਾਈ ਕਰਮਚਾਰੀਆਂ ’ਚੋਂ 19 ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ, ਜਦੋਂਕਿ ਇਕ ਕਰਮਚਾਰੀ ਦੀ ਬੀਤੇ ਦਿਨੀਂ ਮੌਤ ਹੋ ਜਾਣ ਕਾਰਨ ਹੁਣ 19 ਕਰਮਚਾਰੀ ਹੀ ਰਹਿ ਗਏ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸ਼ਹਿਰੀ ਇੰਚਾਰਜ ਪ੍ਭਜੋਤ ਸਿੰਘ ਪੈਵੀ ਢਿੱਲੋਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਗੌਰਵ ਜੈਨ ਚੀਨੂੰ ਨੇ ਦੱਸਿਆ ਕਿ ਨਗਰ ਕੌਂਸਲ ਗਿੱਦੜਬਾਹਾ ਵੱਲੋਂ ਲੰਬੇ ਸਮੇਂ ਤੋਂ ਕਟਰੈਕਟ ’ਤੇ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਰੈਗੂਲਰ ਕਰਨ ਲਈ ਹਾਊਸ ’ਚ ਮਤਾ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਲੰਬੇ ਸਮੇਂ ਤੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਇਹ ਮਤਾ ਇਕ ਅਹਿਮ ਕਦਮ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਹਾਊਸ ਵੱਲੋਂ ਪਾਸ ਕੀਤਾ ਗਿਆ ਇਹ ਮਤਾ ਅਗਲੀ ਵਿਭਾਗੀ ਕਾਰਵਾਈ ਲਈ ਭੇਜਿਆ ਜਾਵੇਗਾ। ਵਿਭਾਗੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਪੰਜਾਬ ਸਰਕਾਰ ਵੱਲੋਂ ਨਿਯਮਾਂ ਅਨੁਸਾਰ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਟਾਂਕ ਬੌਬੀ ਨੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਸਫਾਈ ਸੇਵਕਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਤੋਰਨ ਵਿਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਵਿਚ ਉਨ੍ਹਾਂ (ਸਫਾਈ ਸੇਵਕਾਂ) ਦੀ ਅਹਿਮ ਭੂਮਿਕਾ ਹੈ ਤੇ ਸਾਡੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਮਨਤਾਜ ਸਿੰਘ ਰੈਸਟੀ ਰੰਧਾਵਾ, ਮੀਤ ਪ੍ਰਧਾਨ ਧਰਮਿੰਦਰ ਕਿਰਾੜ, ਕੌਂਸਲਰ ਐਡਵੋਕੇਟ ਲਗਨਪ੍ਰੀਤ ਸਿੰਘ ਲਾਲੀ ਮਾਨ, ਕੌਂਸਲਰ ਮਾਧੋ ਦਾਸ ਸਿੰਘ ਖਾਲਸਾ, ਕੌਂਸਲਰ ਗੀਤਾਂਸ਼ੂ ਬੁੱਟਰ, ਅਸ਼ੋਕ ਬੁੱਟਰ, ਲਖਵਿੰਦਰ ਸਿੰਘ ਬਦਰੂ, ਕਰਮਜੀਤ ਸਿੰਘ ਕਰਮਾ, ਕੌਂਸਲਰ ਮਹਾਵੀਰ ਪੋਡੀ, ਕੌਂਸਲਰ ਰਮੇਸ਼ ਫੌਜੀ, ਕ੍ਰਿਸ਼ਨ ਲਾਲ, ਰਵਿੰਦਰ ਕੁਮਾਰ ਡੀਸੀ, ਕੌਂਸਲਰ ਸ਼ਿਵਾਨੀ ਰਾਣੀ ਆਦਿ ਵੀ ਮੌਜੂਦ ਸਨ।