ਕੌਂਸਲ ਪ੍ਰਧਾਨ ਦੇ ਵਾਰਡ ਵਾਸੀ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ ਕੌਂਸਲ ਪ੍ਰਧਾਨ ਦੇ ਵਾਰਡ ਵਾਸੀ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ
Publish Date: Wed, 30 Sep 2026 05:24 PM (IST)
Updated Date: Wed, 30 Sep 2026 05:27 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਯੋਗਤਾ ਗੁੰਬਰ ਦੇ ਆਪਣੇ ਹੀ ਵਾਰਡ ਨੰਬਰ 11 ਨਾਕਾ ਨੰਬਰ 7 ਦੇ ਨਿਵਾਸੀ ਪਿਛਲੇ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਇੱਕ-ਇੱਕ ਬੂੰਦ ਲਈ ਤੜਫਣ ਲਈ ਮਜਬੂਰ ਹਨ। ਨਗਰ ਕੌਂਸਲ ਵੱਲੋਂ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਸਮੇਂ ਲੋਕਾਂ ਦੇ ਘਰਾਂ ਦੀ ਪਹਿਲਾਂ ਤੋਂ ਚੱਲ ਰਹੀ ਸਪਲਾਈ ਬੰਦ ਕਰ ਦਿੱਤੀ ਗਈ ਸੀ, ਜੋ ਅਜੇ ਤੱਕ ਬਹਾਲ ਨਹੀਂ ਕੀਤੀ ਗਈ। ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਗਲੀ ਵਾਸੀ ਲਖਵਿੰਦਰ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਕੌਰ, ਛਿੰਦਰ ਕੌਰ ਤੇ ਭੋਲੀ ਕੌਰ ਹੋਰਾਂ ਅਤੇ ਆਪ ਆਗੂ ਸੁਨੀਤਾ ਭੰਮ ਨੇ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ ਯੋਗਤਾ ਗੁੰਬਰ, ਸਬੰਧਤ ਠੇਕੇਦਾਰ ਅਤੇ ਜਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਆਪਣੀ ਦੁਹਾਈ ਲੈ ਕੇ ਬਾਰ-ਬਾਰ ਪਹੁੰਚੇ, ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਕਿਸੇ ਨੇ ਵੀ ਸਾਰ ਨਹੀਂ ਲਈ। ਇੱਕ ਪਾਸੇ ਤਾਂ ਨਗਰ ਕੌਂਸਲ ਅਤੇ ਜਨ ਸਿਹਤ ਵਿਭਾਗ ਕਰੋੜਾਂ ਰੁਪਏ ਖਰਚ ਕੇ ਸਾਫ਼ ਪਾਣੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਲੋਕਾਂ ਦੀ ਚੱਲਦੀ ਸਪਲਾਈ ਬੰਦ ਕਰਕੇ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮਹੱਲਾ ਵਾਸੀਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਹ ਆਸ-ਪਾਸ ਦੇ ਘਰਾਂ ਅਤੇ ਗੁਰਦੁਆਰਾ ਸਾਹਿਬ ਦੇ ਨਲਕਿਆਂ ਤੋਂ ਬਾਲਟੀਆਂ ਭਰ-ਭਰ ਕੇ ਪੀਣ ਵਾਲਾ ਪਾਣੀ ਲਿਆਉਣ ਲਈ ਮਜਬੂਰ ਹਨ। ਇੱਥੋਂ ਤੱਕ ਕਿ ਕੱਪੜੇ ਧੋਣ ਵਰਗੀਆਂ ਆਮ ਲੋੜਾਂ ਲਈ ਵੀ ਦੂਰ-ਦੁਰਾਡੇ ਦੇ ਘਰਾਂ ਤੋਂ ਰੋਜ਼ਾਨਾ ਪਾਣੀ ਢੋਅ-ਢੋਅ ਕੇ ਲੋਕਾਂ ਦੀ ਹਾਲਤ ਬੁਰੀ ਹੋ ਚੁੱਕੀ ਹੈ। ਨਗਰ ਕੌਂਸਲ ਅਤੇ ਜਨ ਸਿਹਤ ਵਿਭਾਗ ਦੀ ਇਸ ਗੰਭੀਰ ਲਾਪਰਵਾਹੀ ’ਤੇ ਰੋਸ ਜ਼ਾਹਰ ਕਰਦਿਆਂ ਇਲਾਕਾ ਵਾਸੀਆਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ, ਤਾਂ ਉਹ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਅੱਗੇ ਘਿਰਾਓ ਕਰਕੇ ਪੂਰਾ ਧਰਨਾ ਦੇਣਗੇ। ਮਸਲੇ ਦਾ ਛੇਤੀ ਹੋਵੇਗਾ ਹੱਲ : ਪ੍ਰਧਾਨ ਨਗਰ ਕੌਂਸਲ ਯੋਗਤਾ ਗੁੰਬਰ ਪ੍ਰਧਾਨ, ਨਗਰ ਕੌਂਸਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਆ ਗਈ ਹੈ ਅਤੇ ਉਹ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾ ਦੇਣਗੇ। ਜਗਮੋਹਨ ਸਿੰਘ ਐਸਡੀਓ ਜਨ ਸਿਹਤ ਵਿਭਾਗ ਨੇ ਵੀ ਮੰਨਿਆ ਕਿ ਇਹ ਸਮੱਸਿਆ ਪਹਿਲਾਂ ਵੀ ਉਨ੍ਹਾਂ ਦੇ ਧਿਆਨ ’ਚ ਆਈ ਸੀ ਅਤੇ ਉਨ੍ਹਾਂ ਕਰਮਚਾਰੀਆਂ ਨੂੰ ਸਪਲਾਈ ਚਾਲੂ ਕਰਨ ਦੀ ਹਦਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜੇ ਤੱਕ ਵੀ ਸਪਲਾਈ ਸ਼ੁਰੂ ਨਹੀਂ ਹੋਈ, ਤਾਂ ਉਹ ਹੁਣ ਤੁਰੰਤ ਕਾਰਵਾਈ ਕਰਕੇ ਇਸਨੂੰ ਚਾਲੂ ਕਰਵਾਉਣਗੇ।