ਵਕੀਲਾਂ ਦੇ ਪ੍ਰਧਾਨਗੀ ਮੁਕਾਬਲੇ ਲਈ ਰਿਕਾਰਡ ਵੋਟਾਂ ਪਈਆਂ ਵਕੀਲਾਂ ਦੇ ਪ੍ਰਧਾਨਗੀ ਮੁਕਾਬਲੇ ਲਈ ਰਿਕਾਰਡ ਵੋਟਾਂ ਪਈਆਂ
Publish Date: Fri, 11 Sep 2026 05:28 PM (IST)
Updated Date: Fri, 11 Sep 2026 05:31 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਖ਼ਬਰ ਲਿਖੇ ਜਾਣ ਤੱਕ ਜ਼ੋਰਦਾਰ ਵੋਟਿੰਗ ਚੱਲ ਰਹੀ ਹੈ। ਦੇਰ ਸ਼ਾਮ ਤੱਕ ਨਤੀਜਾ ਆਉਣ ਦੀ ਸੰਭਾਵਨਾ ਹੈ। ਰਿਟਰਨਿੰਗ ਅਫਸਰ ਤਨਵੀਰ ਜੋਸ਼ੀ ਨੇ ਦੱਸਿਆ ਕਿ ਵੋਟਿੰਗ ਸੂਚੀ ’ਚ 684 ਮੈਂਬਰ ਰਜਿਸਟਰਡ ਹਨ। ਵੋਟ ਭੁਗਤਾਉਣ ਲਈ ਕਤਾਰ ਟੁੱਟਣ ਵਿੱਚ ਨਹੀਂ ਆ ਰਹੀ। ਵੋਟਾਂ ਦੇ ਭੁਗਤਾਣ ਵਾਸਤੇ ਦੋ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਸਿਰਫ ਪ੍ਰਧਾਨਗੀ ਵਾਸਤੇ ਹੀ ਪੈ ਰਹੀਆਂ ਹਨ। ਪ੍ਰਧਾਨਗੀ ਵਾਸਤੇ ਐਡਵੋਕੇਟ ਗੌਤਮ ਅਰੋੜਾ ਅਤੇ ਐਡਵੋਕੇਟ ਮਨਜਿੰਦਰ ਸਿੰਘ ਚਾਹਲ ਚੋਣ ਮੈਦਾਨ ਵਿੱਚ ਹੈ। ਖ਼ਬਰ ਲਿਖੇ ਜਾਣ ਤੱਕ 600 ਦੇ ਕਰੀਬ ਵੋਟਾਂ ਭੁਗਤ ਗਈਆਂ ਸਨ ਤੇ ਅਜੇ ਕੁੱਝ ਵੋਟਾਂ ਹੋਰ ਭੁਗਤਨ ਦੀ ਉਮੀਦ ਹੈ। ਇਸ ਮੌਕੇ ਵੱਡੀ ਗਿਣਤੀ ’ਚ ਵਕੀਲ ਅਤੇ ਉਨ੍ਹਾਂ ਦੇ ਹਮਾਇਤੀ ਮੌਜੂਦ ਸਨ। -ਸੁਪਰ ਸੀਨੀਅਰ ਵਕੀਲ ਐਡਵੋਕੇਟ ਸਿਵੀਆ ਨੇ ਵੋਟ ਪਾਈ 1961 ’ਚ ਵਕੀਲ ਬਣਕੇ ਬਾਰ ਐਸੋਸੀਏਸ਼ਨ ਮੁਕਤਸਰ ਦੇ ਮੈਂਬਰ ਬਣੇ ਐਡਵੋਕੇਟ ਬਲਦੇਵ ਸਿੰਘ ਸਿਵੀਆ ਇਸ ਵੇਲੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਭ ਤੋਂ ਸੀਨੀਅਰ ਵਕੀਲ ਤੇ ਵੋਟਰ ਹਨ। ਉਨ੍ਹਾਂ ਵੋਟ ਪੋਲ ਕਰਨ ਤੋਂ ਬਾਅਦ ਦੱਸਿਆ ਕਿ 1961 ’ਚ ਇਥੇ ਵਕੀਲਾਂ ਦੀ ਗਿਣਤੀ 30 ਕੁ ਕੇ ਕਰੀਬ ਸੀ। ਬਿਨ੍ਹਾਂ ਮੁਕਾਬਲਾ ਵਕੀਲ ਚੁਣੇ ਜਾਂਦੇ ਸਨ। ਉਸ ਵੇਲੇ ਨਰਾਤਾ ਰਾਮ, ਬਾਵਾ ਆਤਮਾ ਸਿੰਘ ਅਤੇ ਜਗਜੀਤ ਸਿੰਘ ਸ਼ੇਰੇਵਾਲਾ ਸਣੇ ਹੋਰ ਪ੍ਰਧਾਨ ਬਿਨ੍ਹਾਂ ਮੁਕਾਬਲਾ ਹੀ ਬਣਦੇ ਰਹੇ। ਜੇਤੂ ਪ੍ਰਧਾਨ ਜਲੇਬੀਆਂ ਦਾ ਲੰਗਰ ਲਾ ਦਿੰਦਾ ਸੀ। ਹੁਣ ਵਾਲੀ ਗਹਿਮਾ ਗਹਿਮੀ ਤੇ ਵੱਡੇ ਖਰਚੇ ਨਹੀਂ ਸੀ ਹੁੰਦੀਆਂ। ਇਸ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।