ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਪੰਜਾਬ ਸਟੇਟ ਕੰਟੇਨਰ ਵੇਅਰਹਾਉਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
Publish Date: Sun, 07 Jun 2026 03:41 PM (IST)
Updated Date: Sun, 07 Jun 2026 03:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਪੰਜਾਬ ਸਰਕਾਰ ਵੱਲੋਂ ਨੌਜਵਾਨ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਪੰਜਾਬ ਸਟੇਟ ਕੰਟੇਨਰ ਵੇਅਰਹਾਉਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਉਪਰੰਤ ਉਨ੍ਹਾਂ ਨੇ ਆਪਣੇ ਅਹੁਦੇ ਦਾ ਰਸਮੀ ਚਾਰਜ ਸੰਭਾਲ ਲਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਹਰਪਾਲ ਕੌਰ ਨੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਕੇ ਉਨ੍ਹਾਂ ਦੀ ਯੋਗਤਾ ਅਤੇ ਸੇਵਾ ਭਾਵਨਾ ਨੂੰ ਮਾਣ ਦੇ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਧੀਰਾ ਖੁੱਡੀਆਂ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ। ਇਸ ਮੌਕੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਇੱਕ ਵੱਡਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਰਣਧੀਰ ਸਿੰਘ ਧੀਰਾ ਖੁੱਡੀਆਂ ਆਪਣੀ ਮਿਹਨਤ, ਸੂਝਬੂਝ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਇਸ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣਗੇ ਅਤੇ ਕਾਰਪੋਰੇਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਹਿਮ ਯੋਗਦਾਨ ਪਾਉਣਗੇ। ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਆਪਣੇ ਪਿਤਾ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਬਾਰੇ ਕਿਹਾ ਕਿ ਉਹ ਉਨ੍ਹਾਂ ਦੇ ਮਾਰਗਦਰਸ਼ਕ ਰਹੇ ਹਨ ਅਤੇ ਅਸੀਂ ਵੀ ਉਨ੍ਹਾਂ ਦੇ ਕਰ-ਕਮਲਾਂ ’ਤੇ ਚੱਲ ਕੇ ਇਮਾਨਦਾਰੀ ਨਾਲ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹੀਏ। ਅਹੁਦਾ ਸੰਭਾਲਣ ਉਪਰੰਤ ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀਨੀਅਰ ਆਗੂ ਸ੍ਰੀ ਮਨੀਸ਼ ਸਿਸੋਦੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵੱਲੋਂ ਜਤਾਏ ਗਏ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸੰਸਥਾ ਦੇ ਵਿਕਾਸ, ਪਾਰਦਰਸ਼ਤਾ ਅਤੇ ਬਿਹਤਰ ਕਾਰਗੁਜ਼ਾਰੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ, ਐਮਪੀ ਮਾਲਵਿੰਦਰ ਸਿੰਘ ਕੰਗ, ਐਮਐਲਏ ਸਰਵਣ ਸਿੰਘ ਧੁੰਨ, ਚੇਅਰਮੈਨ ਬਾਲ ਮੁਕੰਦ ਸ਼ਰਮਾ, ਸਾਬਕਾ ਐਮਐਲਏ ਗੁਰਪ੍ਰੀਤ ਸਿੰਘ ਜੀਪੀ, ਵਾਇਸ ਚੇਅਰਮੈਨ ਕੋਨਵੇਅਰ ਇੰਦਰਜੀਤ ਸਿੰਘ ਸੰਧੂ, ਸਾਬਕਾ ਚੇਅਰਮੈਨ ਜਗਦੀਪ ਸਿੰਘ ਸੰਧੂ, ਅਮੀਤ ਸਿੰਘ ਖੁੱਡੀਆਂ, ਹਿੰਮਤ ਖੁੱਡੀਆਂ, ਦਰੋਗਾ ਖੁੱਡੀਆਂ, ਮੀਡੀਆ ਸਲਾਹਕਾਰ ਮੋਹਿਤ ਸੋਨੀ ਸਮੇਤ ਵੱਡੀ ਗਿਣਤੀ ’ਚ ਪਾਰਟੀ ਆਗੂ, ਵਰਕਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।