ਵਾਲਮੀਕਿ ਸਮਾਜ ਦੇ ਚੌਧਰੀ ਵਜੋਂ ਰਾਜੇਸ਼ ਲਾਲ ਦੀ ਤਾਜਪੋਸ਼ੀ ਸਮਾਗਤ ਸ਼ਾਨੋ-ਸ਼ੌਕਤ ਨਾਲ ਸਮਾਪਤ ਵਾਲਮੀਕਿ ਸਮਾਜ ਦੇ ਚੌਧਰੀ ਵਜੋਂ ਰਾਜੇਸ਼ ਲਾਲ ਦੀ ਤਾਜਪੋਸ਼ੀ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Tue, 14 Jul 2026 06:13 PM (IST)
Updated Date: Tue, 14 Jul 2026 06:15 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਵਾਲਮੀਕਿ ਸਮਾਜ ਦੀ ਆਪਸੀ ਸਹਿਮਤੀ ਅਤੇ ਸਹਿਯੋਗ ਸਦਕਾ 12 ਮੰਡੀਆਂ ਦੇ ਸਾਂਝੇ ਚੌਧਰੀ ਵਜੋਂ ਰਾਜੇਸ਼ ਲਾਲ ਪੁੱਤਰ ਮਦਨ ਲਾਲ ਦੀ ਤਾਜਪੋਸ਼ੀ ਦਾ ਸਮਾਗਮ ਬਾਜਾਖਾਨਾ ਰੋਡ ਸਥਿਤ ਪੈਲੇਸ ਸਿਤਾਰਾ ਵਿਖੇ ਬੇਹੱਦ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸ਼ਾਨਦਾਰ ਸਮਾਗਮ ’ਚ ਵੱਡੀ ਗਿਣਤੀ ’ਚ ਸਮਾਜ ਦੇ ਪਤਵੰਤੇ ਸੱਜਣਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਮਹਿਲਾਵਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਤੇ ਐਮਸੀ ਸ਼ੀਰਾ ਸਿੰਘ ਪੰਨੂ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਨੇ ਨਵ-ਨਿਯੁਕਤ ਚੌਧਰੀ ਰਾਜੇਸ਼ ਲਾਲ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਵਿਧਾਇਕ ਸਿੱਧੂ ਨੇ ਆਸ ਪ੍ਰਗਟਾਈ ਕਿ ਰਾਜੇਸ਼ ਲਾਲ ਸਮਾਜ ਦੀ ਏਕਤਾ, ਭਲਾਈ, ਆਪਸੀ ਭਾਈਚਾਰਕ ਸਾਂਝ ਅਤੇ ਤਰੱਕੀ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਤਾਜਪੋਸ਼ੀ ਦੀ ਰਸਮ ਪੂਰੀ ਹੋਣ ਉਪਰੰਤ ਨਵੇਂ ਬਣੇ ਚੌਧਰੀ ਰਾਜੇਸ਼ ਲਾਲ ਨੇ ਸਮੂਹ ਵਾਲਮੀਕਿ ਸਮਾਜ ਦੇ ਚੌਧਰੀਆਂ, ਪ੍ਰਧਾਨਾਂ ਅਤੇ ਹਾਜ਼ਰ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਸਮਾਜ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਮੈਂ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਾਂਗਾ। ਸਮਾਜ ਦੀ ਤਰੱਕੀ, ਨੌਜਵਾਨਾਂ ਦੀ ਭਲਾਈ, ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੰਘਰਸ਼ ਅਤੇ ਮਿਸ਼ਨ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਤਾਂ ਜੋ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੋ ਸਕੇ। ਸਮਾਗਮ ਦੇ ਅਖੀਰ ’ਚ ਪੰਜਾਬ ਭਰ ਤੋਂ ਪਹੁੰਚੀਆਂ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਧੰਨਵਾਦ ਸਹਿਤ ਵਾਲਮੀਕਿ ਸਮਾਜ ਦੀ ਚੜ੍ਹਦੀ ਕਲਾ, ਏਕਤਾ ਤੇ ਖੁਸ਼ਹਾਲੀ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਫ਼ਿਰੋਜ਼ਪੁਰ ਤੋਂ ਚੇਅਰਮੈਨ ਰਾਜ ਕੁਮਾਰ, ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਰਜਿੰਦਰ ਕੁਮਾਰ, ਰਤਨ, ਫੂਲ ਚੰਦ, ਪ੍ਰੇਮ ਗਿਰੀ, ਰਾਜੀਵ ਕੁਮਾਰ ਸ੍ਰੀ ਮੁਕਤਸਰ ਸਾਹਿਬ ਤੋਂ ਚੌਧਰੀ ਨੰਦਲਾਲ, ਚੌਧਰੀ ਵਿੱਕੀ ਸੇਹਰਾ, ਪੰਜਾਬ ਦੇ ਮੁੱਖ ਸਲਾਹਕਾਰ ਪੱਪੂ ਰਾਮ, ਜਲਾਲਾਬਾਦ ਤੋਂ ਚੌਧਰੀ ਅਸ਼ਵਨੀ ਕੁਮਾਰ, ਬਾਘਾਪੁਰਾਣਾ ਤੋਂ ਸ੍ਰੀ ਮਾਤਾਦੀਨ ਅਤੇ ਦੋਦਾ ਤੋਂ ਸੰਤੋਸ਼ ਗਿਰੀ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਸੱਜਣ ਹਾਜ਼ਰ ਸਨ।