ਏਡੀਸੀ ਨੂੰ ਮਿਲੇ ਰਾਜਾ ਵੜਿੰਗ, ਮੁਆਵਜ਼ੇ ਤੇ ਰਾਹਤ ਲਈ ਸੌਂਪਿਆ ਮੰਗ-ਪੱਤਰ ਕਿਸਾਨਾਂ ਦੇ ਹੱਕ ’ਚ ਏਡੀਸੀ ਨੂੰ ਮਿਲੇ ਰਾਜਾ ਵੜਿੰਗ, ਮੁਆਵਜ਼ੇ ਤੇ ਰਾਹਤ ਲਈ ਸੌਂਪਿਆ ਮੰਗ-ਪੱਤਰ
Publish Date: Wed, 28 Oct 2026 05:52 PM (IST)
Updated Date: Wed, 28 Oct 2026 05:55 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਫ਼ਸਲਾਂ ਦੇ ਨੁਕਸਾਨ ਤੋਂ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਏਡੀਸੀ ਡੈਵੀ ਗੋਇਲ ਸ੍ਰੀ ਮੁਕਤਸਰ ਸਾਹਿਬ ਨਾਲ ਮੁਲਾਕਾਤ ਕਰਕੇ ਮੰਗ-ਪੱਤਰ ਸੌਂਪਿਆ। ਇਸ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਦਿਆਂ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਇਸਤੋਂ ਇਲਾਵਾ ਪਰਾਲੀ ਦੇ ਨਿਪਟਾਰੇ ਲਈ ਰਾਹਤ, ਸਹਿਕਾਰੀ ਸਭਾਵਾਂ ’ਚ ਨਵੇਂ ਖਾਤੇ ਖੋਲ੍ਹਣ ਅਤੇ ਪੁਰਾਣੇ ਕਰਜ਼ਿਆਂ ਦੀ ਅਦਾਇਗੀ ਲਈ ਢੁਕਵੀਂ ਰਾਹਤ ਦੇਣ ਦੀ ਮੰਗ ਵੀ ਰੱਖੀ ਗਈ। ਮੰਗ-ਪੱਤਰ ’ਚ ਇਹ ਵੀ ਮੰਗ ਕੀਤੀ ਗਈ ਕਿ ਪੁਰਾਣੇ ਬਕਾਏ ਦੀ ਸ਼ਰਤ ਤੋਂ ਬਿਨਾਂ ਕਿਸਾਨਾਂ ਨੂੰ ਡੀਏਪੀ, ਯੂਰੀਆ ਖਾਦ ਅਤੇ ਕਣਕ ਦਾ ਬੀਜ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਉਹ ਅਗਲੀ ਫ਼ਸਲ ਦੀ ਬਿਜਾਈ ਸਮੇਂ ਸਿਰ ਕਰ ਸਕਣ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਪ੍ਰਸ਼ਾਸਨ ਨੂੰ ਇਨ੍ਹਾਂ ਮੰਗਾਂ ’ਤੇ ਜਲਦ ਕਾਰਵਾਈ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜਸਪ੍ਰੀਤ ਸਿੰਘ ਪੀਏਟੂ ਰਾਜਾ ਵੜਿੰਗ, ਨਰਿੰਦਰ ਸਿੰਘ ਕਾਉਣੀ, ਇੰਦਰਜੀਤ ਸਿੰਘ ਭੁੱਟੀਵਾਲਾ, ਵਿੱਕੀ ਮੱਲਣ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਲਖਵੀਰ ਸਿੰਘ, ਪਾਲ ਸਿੰਘ ਭੁੱਟੀਵਾਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਮੌਜੂਦ ਸਨ।