ਮਾਲਵਾ ਖੇਤਰ ’ਚ ਬਾਰਿਸ਼ ਪੰਜਾਹ ਫੀਸਦੀ ਤੱਕ ਘਟ, ਝੋਨਾ ਤੇ ਨਰਮਾ ਸੰਕਟ ’ਚ ਮਾਲਵਾ ਖੇਤਰ ’ਚ ਬਾਰਿਸ਼ ਪੰਜਾਹ ਫੀਸਦੀ ਤੱਕ ਘਟ, ਝੋਨਾ ਤੇ ਨਰਮਾ ਸੰਕਟ ’ਚ
Publish Date: Fri, 17 Jul 2026 06:38 PM (IST)
Updated Date: Fri, 17 Jul 2026 06:40 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇਸ ਵਾਰ ਮਾਨਸੂਨ ਦੀ ਬੇਰੁਖ਼ੀ ਨੇ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਨੂੰ ਵੱਡੀ ਮੁਸੀਬਤ ’ਚ ਪਾ ਦਿੱਤਾ ਹੈ। ਖੇਤੀਬਾੜੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 50 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਜਿੱਥੇ ਮਾਲਵਾ ਖੇਤਰ ’ਚ ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਕਰੀਬ 461 ਮਿਲੀਮੀਟਰ ਬਾਰਿਸ਼ ਹੋਈ ਸੀ, ਉੱਥੇ ਇਸ ਵਾਰ ਸਿਰਫ 234 ਮਿਲੀਮੀਟਰ ਬਾਰਿਸ਼ ਹੀ ਨਸੀਬ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ’ਚ 72 ਫੀਸਦੀ, ਫਾਜ਼ਿਲਕਾ ’ਚ 41, ਬਠਿੰਡਾ ’ਚ 53, ਮਾਨਸਾ ’ਚ 60 ਅਤੇ ਸੰਗਰੂਰ ਵਿਖੇ 36 ਫੀਸਦੀ ਦੇ ਕਰੀਬ ਘੱਟ ਬਾਰਸ਼ ਹੋਈ ਹੈ। ਮੀਂਹ ਦੀ ਇਸ ਭਾਰੀ ਕਮੀ ਕਾਰਨ ਖੇਤਾਂ ’ਚ ਖੜ੍ਹੀਆਂ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ ਹਨ। ਬਾਰਿਸ਼ ਨਾ ਹੋਣ ਕਰਕੇ ਝੋਨੇ ਦੀ ਫ਼ਸਲ ਦਾ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਇਲਾਕਿਆਂ ’ਚ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਡੂੰਘਾ ਚਲਿਆ ਗਿਆ ਹੈ, ਜਿਸ ਕਾਰਨ ਪੌਦਿਆਂ ਦੇ ਵਾਧੇ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਕੁਦਰਤ ਦੀ ਇਸ ਮਾਰ ਕਾਰਨ ਕਿਸਾਨਾਂ ਨੂੰ ਲਗਾਤਾਰ ਟਿਊਬਵੈੱਲਾਂ ’ਤੇ ਨਿਰਭਰ ਹੋਣਾ ਪੈ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਡੀਜ਼ਲ ਦਾ ਖ਼ਰਚਾ ਵਧ ਰਿਹਾ ਹੈ। ਇਸੇ ਤਰ੍ਹਾਂ ਨਰਮੇ ਅਤੇ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਵਾਰ ਦੋਹਰੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਨਹਿਰੀ ਪਾਣੀ ਦੀ ਲਗਾਤਾਰ ਕਿੱਲਤ ਅਤੇ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੇ ਇਸ ਵਾਰ ਨਰਮੇ ਦੀ ਬਿਜਾਈ ਤੋਂ ਵੱਡਾ ਕਿਨਾਰਾ ਕੀਤਾ ਹੈ। 10.800 ਹਜ਼ਾਰ ਹੈਕਟੇਅਰ ’ਚ ਹੀ ਨਰਮੇ ਦੀ ਹੋਈ ਬੀਜੀ ਮੁੱਖ ਖੇਤੀਬਾੜੀ ਅਫਸਰ ਜਗਸੀਰ ਸਿੰਘ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਇਸ ਵਾਰ ਨਰਮੇ ਦੀ ਫ਼ਸਲ ਤਕਰੀਬਨ 10 ਹਜ਼ਾਰ 800 ਹੈਕਟੇਅਰ ’ਚ ਹੀ ਬੀਜੀ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 2 ਹਜ਼ਾਰ 335 ਹੈਕਟੇਅਰ ਘੱਟ ਹੈ। ਪਾਣੀ ਦੀ ਘਾਟ ਕਾਰਨ ਨਰਮੇ ਦੀ ਫ਼ਸਲ ਦਾ ਕੱਦ ਆਮ ਨਾਲੋਂ ਕਾਫ਼ੀ ਛੋਟਾ ਰਹਿ ਗਿਆ ਹੈ। ਕਿਸਾਨਾਂ ਦੀ ਚਿੰਤਾ ਉਦੋਂ ਹੋਰ ਵਧ ਗਈ ਜਦੋਂ ਅਗੇਤੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਅਸਰ ਦੇਖਣ ਨੂੰ ਮਿਲਿਆ। ਖੇਤੀ ਮਾਹਿਰਾਂ ਵੱਲੋਂ ਇਸ ਦੇ ਬਚਾਅ ਲਈ ਤੁਰੰਤ ਬਲੈਂਕੇਟ ਸਪਰੇਅ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਨ੍ਹਾਂ ਥਾਵਾਂ ਤੇ ਕੀੜਿਆਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ, ਉੱਥੇ ਕਿਸਾਨਾਂ ਨੂੰ ਬਾਜ਼ਾਰੂ ਮਹਿੰਗੀਆਂ ਜ਼ਹਿਰਾਂ ਵੱਲ ਭੱਜਣ ਦੀ ਬਜਾਏ ਨਿੰਮ ਦੇ ਘੋਲ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖ਼ਰਚਾ ਘਟਾਉਣ ਲਈ ਮਿੱਟੀ ਅਤੇ ਫ਼ਸਲ ਦੀ ਲੋੜ ਅਨੁਸਾਰ ਹੀ ਖਾਦਾਂ ਦੀ ਪੂਰਤੀ ਕਰਨ ਲਈ ਕਿਹਾ ਗਿਆ ਹੈ। ਖੇਤੀਬਾੜੀ ਵਿਭਾਗ ਦੀਆਂ 27 ਪੈਸਟ ਸਰਵੇਲੈਂਸ ਟੀਮਾਂ ਹਫ਼ਤੇ ’ਚ ਦੋ ਵਾਰ (ਮੰਗਲਵਾਰ ਅਤੇ ਸ਼ੁੱਕਰਵਾਰ) ਖੇਤਾਂ ਦਾ ਲਗਾਤਾਰ ਦੌਰਾ ਕਰਕੇ ਕੀਟ ਸਰਵੇਖਣ ਕਰ ਰਹੀਆਂ ਹਨ। ਪਿੰਡ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਫ਼ਸਲਾਂ ਦੀ ਸਹੀ ਦੇਖਭਾਲ, ਸਹੀ ਨਿਫ਼ਰਨ (ਪ੍ਰਬੰਧਨ) ਅਤੇ ਬਿਮਾਰੀਆਂ ਨਾਲ ਲੜਨ ਦੇ ਤਕਨੀਕੀ ਤਰੀਕਿਆਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਹੀ ਹੈ। ਫਸਲਾਂ ਨੂੰ ਮਿਲ ਪੂਰਾ ਪਾਣੀ ਝੋਨਾ ਪਾਲਕ ਕਿਸਾਨ ਸੁਖਪਾਲ ਸਿੰਘ, ਹਰਦੇਵ ਸਿੰਘ ਅਤੇ ਜਸ਼ਨ ਸਿੰਘ ਹੋਰਾਂ ਨੇ ਦੱਸਿਆ ਕਿ ਝੋਨਾ ਪਾਲਣ ਲਈ ਰੋਜ਼ਾਨਾ 10 ਤੋਂ 12 ਘੰਟੇ ਟਿਊਬਵੈਲ ਚਲਾਉਣਾ ਪੈ ਰਿਹਾ ਹੈ ਜਿਸਤੇ ਕਰੀਬ 3 ਹਜ਼ਾਰ ਰੁਪਏ ਦਾ ਰੋਜ਼ਾਨਾ ਡੀਜ਼ਲ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਮਿਲਦਾ ਹੈ ਪਰ ਲੋੜੋਂ ਵੱਧ ਗਰਮੀ ਤੇ ਬਾਰਸ਼ ਦੀ ਘਾਟ ਨੇ ਸੰਕਟ ਖੜ੍ਹਾ ਕੀਤਾ ਹੋਇਆ ਹੈ। ਪਾਣੀ ਦੀ ਘਾਟ ਕਰਕੇ ਝੋਨਾ ਝੱਲ ਨਹੀਂ ਮਾਰ ਰਿਹਾ ਤੇ ਵਾਧਾ ਵੀ ਘੱਟ ਹੈ। ਇਸੇ ਤਰ੍ਹਾਂ ਨਰਮਾ ਦੇ ਪੌਦੇ ਦਾ ਕੱਦ ਛੋਟਾ ਹੈ ਜਿਸ ਕਰਕੇ ਟੀਂਡੇ ਵੀ ਘੱਟ ਲੱਗਣਗੇ ਅਤੇ ਕੀੜਿਆਂ ਦਾ ਹਮਲਾ ਵੀ ਵੱਧ ਗਿਆ ਹੈ।