ਮੀਂਹ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ ਪੋਲ, ਪੁੱਟੀਆਂ ਸੜਕਾਂ 'ਚ ਧੱਸੇ ਟਰੱਕ, ਬੱਸ ਫਸੀ ਮੀਂਹ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ ਪੋਲ: ਪੁੱਟੀਆਂ ਗਈਆਂ ਸੜਕਾਂ 'ਚ ਧੱਸੇ ਟਰੱਕ, ਬੱਸ ਫਸੀ, ਲੋਕਾਂ ਨੇ ਚੁੱਕੇ ਸਵਾਲ
Publish Date: Tue, 04 Aug 2026 04:48 PM (IST)
Updated Date: Tue, 04 Aug 2026 04:49 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੋਮਵਾਰ ਦੇਰ ਸ਼ਾਮ ਹੋਏ ਮੀਂਹ ਨੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਭਾਰੀ ਗਰਮੀ ਅਤੇ ਹੁੰਮਸ ਤੋਂ ਰਾਹਤ ਦਿਵਾਈ, ਉੱਥੇ ਹੀ ਦੂਜੇ ਪਾਸੇ ਸ਼ਹਿਰ ’ਚ ਚੱਲ ਰਹੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਪ੍ਰੋਜੈਕਟ ਦੀਆਂ ਅਧੂਰੀਆਂ ਤਿਆਰੀਆਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ। ਕੁਝ ਮਹੀਨੇ ਪਹਿਲਾਂ ਪਾਈਪਲਾਈਨ ਵਿਛਾਉਣ ਲਈ ਪੁੱਟੀਆਂ ਗਈਆਂ ਸੜਕਾਂ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਮੰਗਲਵਾਰ ਸਵੇਰੇ ਕਈ ਥਾਵਾਂ ’ਤੇ ਵਾਹਨ ਧੱਸ ਗਏ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗੁਜਰਾਤ ਅਤੇ ਰਾਜਸਥਾਨ ਤੋਂ ਜੰਮੂ ਅਤੇ ਅੰਮ੍ਰਿਤਸਰ ਵੱਲ ਸਾਮਾਨ ਲੈ ਕੇ ਜਾ ਰਹੇ ਦੋ ਟਰੱਕ ਸ਼ਹਿਰ ਵਿੱਚੋਂ ਲੰਘ ਰਹੇ ਸਨ। ਮੀਂਹ ਕਾਰਨ ਸੜਕ ’ਤੇ ਪਾਣੀ ਭਰ ਗਿਆ ਸੀ, ਜਿਸ ਨਾਲ ਚਾਲਕਾਂ ਨੂੰ ਇਹ ਅੰਦਾਜ਼ਾ ਨਹੀਂ ਲੱਗ ਸਕਿਆ ਕਿ ਸੜਕ ਦੇ ਕਿਨਾਰੇ ਖੁਦਾਈ ਕਰਕੇ ਮਿੱਟੀ ਭਰ ਕੇ ਛੱਡੀ ਗਈ ਹੈ। ਸਾਹਮਣੇ ਤੋਂ ਆ ਰਹੀ ਇੱਕ ਬੱਸ ਨੂੰ ਰਸਤਾ ਦੇਣ ਲਈ ਜਿਵੇਂ ਹੀ ਟਰੱਕ ਕਿਨਾਰੇ ਕੀਤਾ ਗਿਆ, ਮਿੱਟੀ ਅਚਾਨਕ ਧੱਸ ਗਈ ਅਤੇ ਦੋਵੇਂ ਟਰੱਕ ਧੱਸ ਗਏ। ਹਾਦਸੇ ’ਚ ਟਰੱਕਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ, ਦੋਵੇਂ ਚਾਲਕ ਵੀ ਸੁਰੱਖਿਅਤ ਬਚ ਗਏ। ਟਰੱਕ ਚਾਲਕ ਰਾਜੂ ਅਤੇ ਭੰਵਰ ਲਾਲ ਨੇ ਦੱਸਿਆ ਕਿ ਸੜਕ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਖੁਦਾਈ ਦਿਖਾਈ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਬੱਸ ਨੂੰ ਰਸਤਾ ਦੇਣ ਲਈ ਟਰੱਕ ਕਿਨਾਰੇ ਕੀਤਾ ਤਾਂ ਮਿੱਟੀ ਧੱਸ ਗਈ ਅਤੇ ਵਾਹਨ ਪਲਟ ਗਿਆ। ਜੇਕਰ ਰਫ਼ਤਾਰ ਵੱਧ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸੇ ਤਰ੍ਹਾਂ ਕੋਟਕਪੂਰਾ ਚੌਂਕ, ਕੋਟਕਪੂਰਾ ਰੋਡ ਅਤੇ ਕੇਹਰ ਸਿੰਘ ਚੌਕ ਤੇ ਵੀ ਪਾਈਪਲਾਈਨ ਲਈ ਪੁੱਟੀ ਗਈ ਸੜਕ ਦੇ ਕਿਨਾਰੇ ਇੱਕ ਨਿਜੀ ਬੱਸ ਦਾ ਪਹੀਆ ਫਸ ਗਿਆ। ਬੱਸ ਕਾਫ਼ੀ ਦੇਰ ਤੱਕ ਉੱਥੇ ਹੀ ਫਸੀ ਰਹੀ, ਜਿਸ ਨਾਲ ਯਾਤਰੀਆਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ। ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਨੂੰ ਬਾਹਰ ਕੱਢਿਆ ਗਿਆ, ਤਦ ਜਾ ਕੇ ਆਵਾਜਾਈ ਸੁਚਾਰੂ ਹੋ ਸਕੀ। ਸ਼ਹਿਰ ਵਾਸੀ ਅਭਿਨਵ ਬੱਤਰਾ, ਖੁਸ਼ਪ੍ਰੀਤ ਸਿੰਘ, ਪੇਂਟਰ ਓਮ ਪ੍ਰਕਾਸ਼, ਗੁਰਦਰਸ਼ਨ ਸਿੰਘ, ਗੁਰਮੇਲ ਸਿੰਘ, ਜਗਦੀਸ਼ ਸਿੰਘ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਜ਼ਿਆਦਾਤਰ ਮੁੱਖ ਸੜਕਾਂ ਦੀ ਹਾਲਤ ਖ਼ਰਾਬ ਹੈ। ਮੀਂਹ ਤੋਂ ਬਾਅਦ ਖੁਦਾਈ ਵਾਲੀਆਂ ਥਾਵਾਂ ਦੀ ਮਿੱਟੀ ਹੋਰ ਕਮਜ਼ੋਰ ਹੋ ਗਈ ਹੈ, ਜਿਸ ਨਾਲ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਬਰਸਾਤ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਪੂਰੀ ਕਰ ਲੈਣੀ ਚਾਹੀਦੀ ਸੀ, ਪਰ ਲਾਪਰਵਾਹੀ ਦਾ ਖ਼ਾਮਿਆਜ਼ਾ ਹੁਣ ਆਮ ਜਨਤਾ ਭੁਗਤ ਰਹੀ ਹੈ। ਛੇਤੀ ਹੋਵੇਗੀ ਸੜਕਾਂ ਦੀ ਮੁਰੰਮਤ : ਈਓ ਸਹੋਤਾ ਇਸ ਸਬੰਧ ’ਚ ਨਗਰ ਕੌਂਸਲ ਦੇ ਈਓ ਵਰੁਣ ਸਹੋਤਾ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਨਗਰ ਕੌਂਸਲ ਦੇ ਅਧੀਨ ਨਹੀਂ ਆਉਂਦੀਆਂ। ਕੁਝ ਸੜਕਾਂ ਪਬਲਿਕ ਹੈਲਥ ਅਤੇ ਕੁਝ ਪੀਡਬਲਿਊਡੀ ਦੇ ਅਧਿਕਾਰ ਖੇਤਰ ’ਚ ਹਨ ਜੋ ਉਨ੍ਹਾਂ ਦੀ ਮੁਰੰਮਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਹਿੱਸੇ ਦੀਆਂ ਸੜਕਾਂ ਦੀ ਮੁਰੰਮਤ ਲਈ ਪ੍ਰਸਤਾਵ ਭੇਜ ਦਿੱਤਾ ਗਿਆ ਹੈ ਅਤੇ ਮਨਜ਼ੂਰੀ ਮਿਲਦਿਆਂ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਨੁਕਸਾਨੀਆਂ ਗਈਆਂ ਸੜਕਾਂ ਦੀ ਜਲਦ ਮੁਰੰਮਤ ਕਰਵਾਈ ਜਾਵੇਗੀ।