ਸ੍ਰੀ ਮੁਕਤਸਰ ਸਾਹਿਬ ’ਚ ਮੀਂਹ ਨੇ ਖੋਲ੍ਹੀ ਪ੍ਰਸ਼ਾਸਨਿਕ ਦਾਵਿਆਂ ਦੀ ਪੋਲ ਸ੍ਰੀ ਮੁਕਤਸਰ ਸਾਹਿਬ ’ਚ ਮੀਂਹ ਨੇ ਖੋਲ੍ਹੀ ਪ੍ਰਸ਼ਾਸਨਿਕ ਦਾਵਿਆਂ ਦੀ ਪੋਲ
Publish Date: Sun, 09 Aug 2026 04:52 PM (IST)
Updated Date: Sun, 09 Aug 2026 04:56 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਹੋਈ ਭਾਰੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ, ਉੱਥੇ ਹੀ ਸ਼ਹਿਰ ਵਾਸੀਆਂ ਲਈ ਇਹ ਮੀਂਹ ਵੱਡੀ ਆਫ਼ਤ ਬਣ ਕੇ ਵਰ੍ਹਿਆ। ਪ੍ਰਸ਼ਾਸਨਿਕ ਨਾਕਾਮੀ ਅਤੇ ਲਚਰ ਸੀਵਰੇਜ ਵਿਵਸਥਾ ਕਾਰਨ ਬਾਰਿਸ਼ ਨੇ ਸ਼ਹਿਰ ਦੀਆਂ ਸੜਕਾਂ ਨੂੰ ਜਲਥਲ ਕਰ ਦਿੱਤਾ ਅਤੇ ਸਰਕਾਰੀ ਦਾਵਿਆਂ ਦੀ ਫੂਕ ਕੱਢ ਦਿੱਤੀ। ਉਧਰ ਮੁਕਤਸਰ ਸ਼ਹਿਰ ਅੰਦਰ ਸੀਵਰੇਜ ਅਤੇ ਪਾਣੀ ਦੀ ਪਾਈਪ ਲਾਈਨ ਪਾਉਣ ਦੇ ਚਲਦਿਆਂ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਸੜਕਾਂ ਪੁੱਟ ਕੇ ਰੱਖੀਆਂ ਹੋਈਆਂ ਹਨ। ਕਈ ਥਾਵਾਂ ਉੱਪਰ ਤਾਂ ਡੂੰਘੇ ਟੋਏ ਪੈ ਚੁੱਕੇ ਹਨ ਅਤੇ ਮਲਬਾ ਸੜਕ ਉੱਪਰ ਹੀ ਪਿਆ ਹੈ, ਹੁਣ ਮੀਹ ਪੈਣ ਕਾਰਨ ਇਨ੍ਹਾਂ ਟੋਇਆ ਅੰਦਰ ਪਾਣੀ ਭਰ ਜਾਵੇਗਾ ਅਤੇ ਕਿਸੇ ਪਸ਼ੂ ਜਾਂ ਕੋਈ ਹੋਰ ਵਹੀਕਲ ਆਦਿ ਦੇ ਇਨ੍ਹਾਂ ਟੋਇਆਂ ’ਚ ਡਿੱਗਣ ਦਾ ਖਤਰਾ ਬਰਕਰਾਰ ਰਹੇਗਾ। ਸਾਰੀਆਂ ਸੜਕਾਂ ਪੱਟੀਆਂ ਹੋਣ ਕਾਰਨ ਮੀਂਹ ਦੇ ਪਾਣੀ ਖੜਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਥਾਂ-ਥਾਂ ਲੱਗੇ ਕੂੜੇ ਦੇ ਢੇਰ ਮੀਂਹ ’ਚ ਭਿੱਜਣ ਕਾਰਨ ਭਾਰੀ ਬਦਬੂ ਮਾਰਨ ਲੱਗੇ ਹਨ, ਜਿਸ ਨਾਲ ਘਰਾਂ ’ਚ ਰੋਟੀ ਖਾਣੀ ਵੀ ਔਖੀ ਹੋ ਗਈ ਹੈ। ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਪੁੱਟੀਆਂ ਗਈਆਂ ਸੜਕਾਂ ਅਤੇ ਨਾਲ ਪਿਆ ਮਲਬਾ ਹੁਣ ਚਿੱਕੜ ’ਚ ਬਦਲ ਚੁੱਕਾ ਹੈ। ਡੂੰਘੇ ਖੱਡਿਆਂ ’ਚ ਮੀਂਹ ਦਾ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਅਤੇ ਪਸ਼ੂਆਂ ਦੇ ਡਿੱਗਣ ਨਾਲ ਕਿਸੇ ਵੀ ਸਮੇਂ ਵੱਡੇ ਜਾਨੀ-ਮਾਲੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਖੱਡਿਆਂ ’ਚ ਪਹਿਲਾਂ ਵੀ ਟਰੱਕ ਤੇ ਹੋਰ ਵਾਹਨ ਪਲਟ ਚੁੱਕੇ ਹਨ। ਘਰਾਂ ਅਤੇ ਬਾਜ਼ਾਰਾਂ ’ਚ ਵੜਿਆ ਪਾਣੀ ਸ੍ਰੀ ਮੁਕਤਸਰ ਸਾਹਿਬ ਦਾ ਸੀਵਰੇਜ ਸਿਸਟਮ ਪਹਿਲਾਂ ਹੀ ਵੇਂਟੀਲਟਰ ਤੇ ਚੱਲ ਰਿਹਾ ਹੈ। ਉਧਰ ਇਸ ਭਾਰੀ ਮੀਹ ਨੇ ਪ੍ਰਸ਼ਾਸਨਿਕ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਮੀਂਹ ਦਾ ਪਾਣੀ ਸ਼ਹਿਰ ਦੇ ਬਾਜ਼ਾਰਾਂ ਚੌਕਾਂ ਚ ਭਰ ਜਾਣ ਕਾਰਨ ਲੋਕਾਂ ਨੂੰ ਲੰਘਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਧਰਕਈ ਨੀਵੇਂ ਘਰਾਂ ਵਿੱਚ ਮੀਂਹ ਦਾ ਪਾਣੀ ਦਾਖਲ ਹੋ ਗਿਆ ਸੀਵਰੇਜ ਜਾਮ ਦੇ ਚਲਦਿਆਂ ਇਹ ਦਿੱਕਤ ਹੋਰ ਵੀ ਵਿਰਾਟ ਰੂਪ ਵਿੱਚ ਦੇਖਣ ਨੂੰ ਪਾਈ ਗਈ। ਗਰਮੀ ਤੋਂ ਲੋਕਾਂ ਨੂੰ ਮਿਲੀ ਕੁਝ ਰਾਹਤ 1ਧਰ ਮੀਂਹ ਕਾਰਨ ਕੁੱਝ ਹੱਦ ਤੱਕ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ਉੱਤੇ ਵੀ ਰੌਣਕ ਦੇਖਣ ਨੂੰ ਮਿਲੀ ਕਿਉਂਕਿ ਇਸ ਮੀਹ ਨਾਲ ਝੋਨੇ ਦੀ ਫਸਲ ਨੂੰ ਕਾਫੀ ਹੱਦ ਤੱਕ ਫਾਇਦਾ ਹੋਵੇਗਾ। ਹੋਮਸ ਭਰੀ ਗਰਮੀ ਤੋਂ ਮੀਂਹ ਪੈਣ ਨਾਲ ਕੁਝ ਹੱਦ ਤੱਕ ਰਾਹਤ ਮਹਿਸੂਸ ਕੀਤੀ ਗਈ ਅਤੇ ਮੌਸਮ ਖੁਸ਼ਗਵਾਰ ਹੋ ਗਿਆ। ਕਿਸਾਨਾਂ ਲਈ ਵਰਦਾਨ ਸਾਬਿਤ ਹੋਇਆ ਮੀਂਹ ਪਿੰਡ ਭਾਗਸਰ ਦੇ ਕਿਸਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ’ਚ ਮੁਕਤਸਰ ਸਾਹਿਬ ਹਲਕੇ ਅੰਦਰ ਬਹੁਤ ਘੱਟ ਬਾਰਿਸ਼ ਹੋਈ ਸੀ, ਇਸ ਕਰਕੇ ਫਸਲਾਂ ਨੂੰ ਖਾਸ ਕਰਕੇ ਝੋਨੇ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ ਕਿਉਂਕਿ ਪਾਣੀ ਦੀ ਬਹੁਤ ਜਿਆਦਾ ਕਿੱਲਤ ਸੀ। ਅੱਜ ਭਾਰੀ ਬਾਰਿਸ਼ ਨਾਲ ਕੁਝ ਰਾਹਤ ਮਿਲੇਗੀ ਅਤੇ ਝੋਨੇ ਸਮੇਤ ਨਰਮੇ ਅਤੇ ਹਰੇ-ਚਾਰੇ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਇੱਕ ਵਾਰ ਕੁਝ ਹੱਦ ਤੱਕ ਪਾਣੀ ਦੀ ਪੂਰਤੀ ਹੋਵੇਗੀ। ਨਰਮੇ ਉੱਪਰ ਜੋ ਚਿੱਟਾ ਮੱਛਰ ਅਤੇ ਜੂੰਅ ਦਾ ਹਮਲਾ ਸੀ ਇਸ ਮੀਂਹ ਨਾਲ ਉਹ ਝੜ ਜਾਵੇਗੀ ਅਤੇ ਨਰਮੇ ਦੀ ਫਸਲ ਨੂੰ ਵੀ ਪਾਣੀ ਦੀ ਲੋੜ ਸੀ ਜੋ ਕਿ ਹੁਣ ਇੱਕ ਵਾਰੀ ਕਿਸਾਨਾਂ ਨੂੰ ਇਸ ਬਾਰਿਸ਼ ਨੇ ਰਾਹਤ ਦਿੱਤੀ ਹੈ। ਮੀਂਹ ਨਾਲ ਝੋਨੇ ਨੂੰ ਲਾਭ, ਸਬਜ਼ੀਆਂ ਦੇ ਨੁਕਸਾਨ ਦਾ ਖਦਸ਼ਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ’ਚ ਬਹੁਤ ਸੋਹਣੀ ਬਾਰਿਸ਼ ਹੋਈ ਹੈ। ਅੱਜ ਦੀ ਬਾਰਿਸ਼ ਨਾਲ ਝੋਨੇ ਦੀ ਫਸਲ ਬਹੁਤ ਵਧੀਆ ਹੋਣ ਦੇ ਅਸਾਰ ਬਣ ਗਏ ਹਨ। ਨਰਮੇ ਦੀ ਫਸਲ ਵਾਸਤੇ ਵੀ ਇਹ ਮੀਂਹ ਚੰਗਾ ਹੈ ਪਰ ਨਰਮੇ ਉੱਪਰ ਚਿੱਟਾ ਮੱਛਰ ਅਤੇ ਤੇਲੇ ਦਾ ਕਾਫੀ ਹਮਲਾ ਹੋਇਆ ਹੈ ਜੋ ਕਿ ਕਿਸਾਨ ਲਈ ਨੁਕਸਾਨ ਦੇਹ ਹੈ। ਬਾਰਿਸ਼ ਨਾਲ ਸਬਜ਼ੀਆਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਖੇਤੀਬਾੜੀ ਮਹਿਕਮੇ ਨੂੰ ਚਾਹੀਦਾ ਹੈ ਕਿ ਸਮੇਂ-ਸਮੇਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਬਾਰਿਸ਼ ਦੇ ਨੁਕਸਾਨ ਅਤੇ ਫਾਇਦੇ ਤੋਂ ਜਾਣੂ ਕਰਾਇਆ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਹਰ ਔਕੜ ’ਚ ਕਿਸਾਨ ਦੀ ਬਾਂਹ ਫੜੀ ਜਾਵੇ ਅਤੇ ਸਰਕਾਰ ਤੋ ਮੰਗ ਕੀਤੀ ਕਿ ਜਿੱਥੇ ਵੀ ਕਿਸਾਨ ਦਾ ਨੁਕਸਾਨ ਹੁੰਦਾ ਹੈ ਉਸ ਦੀ ਭਰਪਾਈ ਕੀਤੀ ਜਾਵੇ।