ਮੁਕਤਸਰ ਜ਼ਿਲ੍ਹੇ ’ਚ ਮੀਂਹ ਨਾਲ ਕਿਸਾਨਾਂ ਦੇ ਚਿਹਰੇ ’ਤੇ ਆਈ ਰੌਣਕ
ਮੁਕਤਸਰ ਜ਼ਿਲ੍ਹੇ ’ਚ ਮੀਂਹ ਨਾਲ ਕਿਸਾਨਾਂ ਦੇ ਚਿਹਰੇ ’ਤੇ ਆਈ ਰੌਣਕ
Publish Date: Fri, 23 Jan 2026 04:02 PM (IST)
Updated Date: Fri, 23 Jan 2026 04:03 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਬੀਤੀ ਰਾਤ ਪਏ ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ। ਕਿਸਾਨਾਂ ਵੱਲੋਂ ਇਹ ਮੀਂਹ ਕਣਕ ਦੀ ਫ਼ਸਲ ਲਈ ਬੇਹੱਦ ਲਾਹੇਵੰਦ ਦੱਸਿਆ ਜਾ ਰਿਹਾ ਹੈ। ਕਿਸਾਨਾਂ ਮੁਤਾਬਕ ਇਸ ਸਮੇਂ ਫ਼ਸਲ ਨੂੰ ਪਾਣੀ ਬੇਹੱਦ ਲੋੜੀਂਦਾ ਸੀ ਅਤੇ ਇਸ ਮੀਂਹ ਨਾਲ ਫ਼ਸਲਾਂ ਲਹਿਰਾਅ ਉੱਠੀਆਂ ਹਨ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਕਿ ਜ਼ਿਲ੍ਹੇ ਦੇ ਕੁਝ ਪਿੰਡਾਂ ਲੁਬਾਣਿਆਂਵਾਲੀ, ਸੱਕਾਂਵਾਲੀ, ਭੰਗੇਵਾਲਾ, ਮੜ੍ਹਮੱਲੂ, ਉਦੇਕਰਨ, ਮੁਕਤਸਰ ਸ਼ਹਿਰ, ਭਾਗਸਰ ਸਮੇਤ ਹੋਰ ਵੀ ਪਿੰਡਾਂ ’ਚ ਥੋੜੀ ਬਹੁਤੀ ਗੜ੍ਹੇਮਾਰੀ ਹੋਈ ਹੈ ਪਰ ਇਸ ਨਾਲ ਫ਼ਸਲ ਦਾ ਕੋਈ ਨੁਕਸਾਨ ਨਹੀਂ। ਜੇਕਰ ਜਿਆਦਾ ਮੀਂਹ ਪੈਂਦਾ ਹੈ ਤਾਂ ਨੁਕਸਾਨ ਦਾ ਡਰ ਹੈ। ਇਸ ਸਬੰਧੀ ਕੁਝ ਕਿਸਾਨਾਂ ਨਾਲ ਕੀਤੀ ਗੱਲਬਾਤ ਇਸ ਪ੍ਰਕਾਰ ਹੈ। ਬਾਰਿਸ਼ ਦਾ ਕਣਕ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬੀਤੀ ਰਾਤ ਜਿਆਦਾ ਬਾਰਿਸ਼ ਨਹੀਂ ਹੋਈ ਹੈ ਇਸ ਲਈ ਇਸ ਬਾਰਿਸ਼ ਦਾ ਕਣਕ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਫਸਲਾਂ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮੀਹ ਦੀ ਫਸਲਾਂ ਨੂੰ ਕੁਝ ਹੱਦ ਤੱਕ ਲੋੜ ਸੀ ਇਸ ਲਈ ਬੀਤੀ ਰਾਤ ਪਏ ਮੀਂਹ ਨਾਲ ਫਸਲਾਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਇਆ ਹੈ। ਮੀਂਹ ਦਾ ਫਸਲਾਂ ਨੂੰ ਫਿਲਹਾਲ ਫਾਇਦਾ ਹੀ ਹੋਵੇਗਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ ਨੇ ਕਿਹਾ ਕਿ ਬੀਤੀ ਰਾਤ ਜੋ ਬਾਰਿਸ਼ ਹੋਈ ਹੈ ਇਸ ਨਾਲ ਕਣਕ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੈ ਉਲਟਾ ਇਸ ਮੀਂਹ ਦਾ ਫਸਲਾਂ ਨੂੰ ਫਿਲਹਾਲ ਫਾਇਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਹਲਕਾ ਮੀਂਹ ਹੋਰ ਆਉਂਦਾ ਹੈ ਤਾਂ ਉਸਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਬਲਕਿ ਕਣਕ ਦੀ ਫਸਲ ਲਈ ਅਜਿਹਾ ਵੀ ਲਾਹੇਵੰਦ ਹੁੰਦਾ ਹੈ। ਮੀਂਹ ਨਾਲ ਫ਼ਸਲਾਂ ਨੂੰ ਹੋਵੇਗਾ ਵਾਧਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਬੀਤੀ ਰਾਤ ਜੋ ਬਾਰਸ਼ ਹੋਈ ਹੈ ਇਹ ਫਸਲਾਂ ਲਈ ਫਿਲਹਾਲ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਫਸਲਾਂ ਨੂੰ ਇਸ ਵਕਤ ਪਾਣੀ ਦੀ ਲੋੜ ਸੀ ਜੋ ਕਿ ਇਸ ਮੀਂਹ ਨਾਲ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਆਦਾ ਗੜੇਮਾਰੀ ਨਹੀਂ ਹੋਈ ਇਸ ਲਈ ਫਸਲ ਦਾ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਫਸਲਾਂ ਨੂੰ ਵਾਧਾ ਹੋਵੇਗਾ। ਗੜੇਮਾਰੀ ਕਾਰਨ ਸਬਜ਼ੀਆਂ ਨੂੰ ਹੁੰਦਾ ਹੈ ਨੁਕਸਾਨ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਬੀਤੀ ਰਾਤ ਹੋਈ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਜਿਆਦਾ ਮੀਂਹ ਪੈਂਦਾ ਹੈ ਕੁਝ ਹੱਦ ਤੱਕ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਬਜੀਆਂ ਨੂੰ ਗੜੇਮਾਰੀ ਨਾਲ ਨੁਕਸਾਨ ਪਹੁੰਚਦਾ ਹੈ ਕਿਉਂਕਿ ਸਬਜ਼ੀਆਂ ਦੀਆਂ ਵੇਲਾਂ ਜਾਂ ਬੂਟਿਆਂ ’ਤੇ ਜੋ ਫੁੱਲ ਗੁੱਡੀ ਹੁੰਦੀ ਹੈ ਉਹ ਗੜੇ ਪੈਣ ਕਾਰਨ ਡਿੱਗ ਜਾਂਦੀ ਹੈ।