‘ਪੰਜਾਬ ਦਾ ਕਰੋੜਪਤੀ 2026’ ਮੁਕਾਬਲੇ ਦੇ ਨਿਯਮਾਂ ’ਤੇ ਉੱਠੇ ਸਵਾਲ, ਪ੍ਰਤੀਭਾਗੀਆਂ ’ਚ ਭਾਰੀ ਰੋਸ ‘ਪੰਜਾਬ ਦਾ ਕਰੋੜਪਤੀ 2026’ ਮੁਕਾਬਲੇ ਦੇ ਨਿਯਮਾਂ ’ਤੇ ਉੱਠੇ ਸਵਾਲ, ਪ੍ਰਤੀਭਾਗੀਆਂ ’ਚ ਭਾਰੀ ਰੋਸ
Publish Date: Sun, 29 Nov 2026 03:32 PM (IST)
Updated Date: Sun, 29 Nov 2026 03:34 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ‘ਪੰਜਾਬ ਦਾ ਕਰੋੜਪਤੀ 2026’ ਮੁਕਾਬਲੇ ਦੇ ਆਨਲਾਈਨ ਰਾਊਂਡ ਦੌਰਾਨ ਪ੍ਰਬੰਧਕਾਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। 21 ਨਵੰਬਰ ਤੋਂ ਸ਼ੁਰੂ ਹੋਏ ਇਸ ਮੁਕਾਬਲੇ ਦੇ ਪਹਿਲੇ ਚਾਰ ਰਾਊਂਡ ਸਫ਼ਲਤਾਪੂਰਵਕ ਪਾਰ ਕਰਨ ਵਾਲੇ 15 ਤੋਂ 30 ਸਾਲ ਵਰਗ ਦੇ ਹਜ਼ਾਰਾਂ ਨੌਜਵਾਨਾਂ ਨੂੰ ਐਤਵਾਰ ਨੂੰ ਪੰਜਵੇਂ ਰਾਊਂਡ ’ਚ ‘ਨੌਟ ਕੁਆਲੀਫਾਈਡ’ (ਅਯੋਗ) ਕਰਾਰ ਦੇ ਕੇ ਮੁਕਾਬਲੇ ’ਚੋਂ ਬਾਹਰ ਕਰ ਦਿੱਤਾ। ਇਸ ਅਚਾਨਕ ਲਏ ਗਏ ਫ਼ੈਸਲੇ ਕਾਰਨ ਪ੍ਰਤੀਭਾਗੀਆਂ ’ਚ ਭਾਰੀ ਭੰਬਲਭੂਸਾ ਤੇ ਰੋਸ ਪਾਇਆ ਜਾ ਰਿਹਾ ਹੈ। -- ਹੈਲਪਲਾਈਨ ਨੰਬਰ 1100 ’ਤੇ ਮਿਲੇ ਵੱਖੋ-ਵੱਖਰੇ ਜਵਾਬ ਜਦੋਂ ਮੁਕਾਬਲੇ ’ਚੋਂ ਬਾਹਰ ਹੋਏ ਨੌਜਵਾਨਾਂ ਨੇ ਆਪਣਾ ਪੱਖ ਜਾਣਨ ਲਈ ਸਰਕਾਰੀ ਹੈਲਪਲਾਈਨ ਨੰਬਰ 1100 ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਪ੍ਰਤੀਭਾਗੀ ਹਰਮਨ ਸਿੰਘ ਨੇ ਦੱਸਿਆ ਕਿ ਉਸਦਾ ਪੰਜਾਬ ਭਰ ਵਿੱਚੋਂ 22,679ਵਾਂ ਅਤੇ ਜ਼ਿਲ੍ਹੇ ਵਿੱਚੋਂ 2,303ਵਾਂ ਰੈਂਕ ਸੀ। ਹੈਲਪਲਾਈਨ ’ਤੇ ਗੱਲ ਕਰਨ ’ਤੇ ਉਸਨੂੰ ਦੱਸਿਆ ਗਿਆ ਕਿ ਸਿਰਫ਼ 10 ਹਜ਼ਾਰ ਰੈਂਕ ਤੱਕ ਦੇ ਪ੍ਰਤੀਭਾਗੀ ਹੀ ਅਗਲੇ ਰਾਊਂਡ ਲਈ ਕੁਆਲੀਫਾਈ ਕਰਨਗੇ। ਹਰਮਨ ਮੁਤਾਬਕ ਮੁਕਾਬਲਾ ਸ਼ੁਰੂ ਹੋਣ ਵੇਲੇ ਅਜਿਹੀ ਕੋਈ ਸ਼ਰਤ ਨਹੀਂ ਰੱਖੀ ਗਈ ਸੀ, ਸਗੋਂ ਇਹ ਐਲਾਨ ਕੀਤਾ ਗਿਆ ਸੀ ਕਿ ਪਹਿਲੇ 10 ਹਜ਼ਾਰ ਰੈਂਕ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। -- 5 ਹਜ਼ਾਰ ਤੋਂ ਘੱਟ ਰੈਂਕ ਵਾਲੇ ਵੀ ਹੋਏ ਬਾਹਰ ਹੈਲਪਲਾਈਨ ਦੇ ਇਸ ਦਾਅਵੇ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ 10 ਹਜ਼ਾਰ ਤੋਂ ਘੱਟ ਰੈਂਕ ਵਾਲੇ ਪ੍ਰਤੀਭਾਗੀਆਂ ਨੂੰ ਵੀ ਅਯੋਗ ਕਰਾਰ ਦੇ ਦਿੱਤਾ ਗਿਆ। ਮੁਕਾਬਲੇ ’ਚ ਹਿੱਸਾ ਲੈਣ ਵਾਲੇ ਹਨੀ ਸਿੰਘ ਨੇ ਦੱਸਿਆ ਕਿ ਉਸਦਾ ਪੰਜਾਬ ਪੱਧਰ ’ਤੇ 5,000ਵਾਂ ਰੈਂਕ ਹੋਣ ਦੇ ਬਾਵਜੂਦ ਉਸਨੂੰ ‘ਨੌਟ ਕੁਆਲੀਫਾਈਡ’ ਦਿਖਾਇਆ ਗਿਆ। ਜਦੋਂ ਉਸਨੇ 1100 ’ਤੇ ਸ਼ਿਕਾਇਤ ਦਰਜ ਕਰਵਾਈ ਤਾਂ ਮੁਲਾਜ਼ਮਾਂ ਨੇ ਸਿਰਫ਼ ਉਸਦਾ ਰੈਂਕ ਪੁੱਛ ਕੇ ਸ਼ਿਕਾਇਤ ਨੋਟ ਕਰਨ ਦਾ ਭਰੋਸਾ ਦੇ ਦਿੱਤਾ। ਇਸੇ ਤਰ੍ਹਾਂ ਪ੍ਰਤੀਭਾਗੀ ਸ਼ਿਵਾਨੀ ਅਤੇ ਹੋਰ ਕਈ ਨੌਜਵਾਨਾਂ ਨੇ ਵੀ 10 ਹਜ਼ਾਰ ਤੋਂ ਹੇਠਲਾ ਰੈਂਕ ਹੋਣ ਦੇ ਬਾਵਜੂਦ ਮੁਕਾਬਲੇ ’ਚੋਂ ਬਾਹਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। -- ਨੌਜਵਾਨਾਂ ਨੇ ਕੀਤੀ ਇਨਸਾਫ਼ ਦੀ ਮੰਗ ਪ੍ਰਤੀਭਾਗੀਆਂ ਦਾ ਕਹਿਣਾ ਹੈ ਕਿ ਤੈਅ ਸ਼ਡਿਊਲ ਅਨੁਸਾਰ ਪਹਿਲੇ 9 ਆਨਲਾਈਨ ਰਾਊਂਡ ਪੂਰੇ ਕਰਵਾਏ ਜਾਣੇ ਚਾਹੀਦੇ ਸਨ, ਪਰ ਪ੍ਰਬੰਧਕਾਂ ਵੱਲੋਂ ਮਹਿਜ਼ 4 ਰਾਊਂਡਾਂ ਤੋਂ ਬਾਅਦ ਹੀ ਅੱਧ-ਵਿਚਕਾਰੋਂ ਫੈਸਲਾ ਸੁਣਾ ਕੇ ਨੌਜਵਾਨਾਂ ਦੇ ਮਨੋਬਲ ਨੂੰ ਠੇਸ ਪਹੁੰਚਾਈ ਗਈ ਹੈ। ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਤਕਨੀਕੀ ਜਾਂ ਪ੍ਰਬੰਧਕੀ ਖਾਮੀ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਸਾਰੇ ਪ੍ਰਤੀਭਾਗੀਆਂ ਨੂੰ 9 ਰਾਊਂਡ ਪੂਰੇ ਕਰਨ ਦਾ ਮੌਕਾ ਦੇਣ ਤੋਂ ਬਾਅਦ ਹੀ ਅੰਤਿਮ ਨਤੀਜਾ ਐਲਾਨਿਆ ਜਾਵੇ।