ਵਿਦੇਸ਼ ਤੋਂ ਪਰਤ ਰਿਹਾ ਪੰਜਾਬੀ ਨੌਜਵਾਨ ਲਾਪਤਾ ਵਿਦੇਸ਼ ਤੋਂ ਪਰਤ ਰਿਹਾ ਪੰਜਾਬੀ ਨੌਜਵਾਨ ਲਾਪਤਾ
Publish Date: Tue, 08 Sep 2026 06:42 PM (IST)
Updated Date: Wed, 09 Sep 2026 04:05 AM (IST)
ਤਸਵੀਰ : 08ਐਮਕੇਟੀ11 ਲਾਪਤਾ ਨੌਜਵਾਨ ਗੁਰਜਿੰਦਰ ਦੀ ਫੋਟੋ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਦੁਬਈ ਤੋਂ ਆਪਣੇ ਘਰ ਪਰਤ ਰਿਹਾ ਗਿੱਦੜਬਾਹਾ ਦੇ ਪਿੰਡ ਹੁਸਨਰ ਦਾ ਵਸਨੀਕ ਗੁਰਜਿੰਦਰ ਪਿਛਲੇ 4 ਦਿਨਾਂ ਤੋਂ ਲਾਪਤਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਹ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਲਾਪਤਾ ਗੁਰਜਿੰਦਰ ਦੇ ਪਿਤਾ ਦਰਸ਼ਨ ਸਿੰਘ ਮੁਤਾਬਕ ਉਸ ਨੇ 4 ਤਰੀਕ ਨੂੰ ਵਾਪਸ ਆਉਣਾ ਸੀ ਅਤੇ ਉਸਦੀ ਸ਼ਾਮ 6:30 ਵਜੇ ਦੀ ਫਲਾਈਟ ਸੀ, ਜਿਸ ਨੇ ਰਾਤ 11:30 ਜਾਂ 12 ਵਜੇ ਪੁੱਜਣਾ ਸੀ। ਪਰਿਵਾਰ ਮੁਤਾਬਕ ਉਸ ਨਾਲ ਆਖਰੀ ਵਾਰ ਫੋਨ ’ਤੇ ਗੱਲਬਾਤ ਵੀਰਵਾਰ ਸ਼ਾਮ 6:30 ਵਜੇ ਹੋਈ ਸੀ। ਉਸ ਦੀ ਭੈਣ ਨੇ ਦੱਸਿਆ ਕਿ ਉਸ ਨੇ ਆਉਣ ਲਈ ਕਿਹਾ ਸੀ ਪਰ ਉਹ ਨਹੀਂ ਆਇਆ ਅਤੇ ਹੁਣ 4 ਦਿਨਾਂ ਤੋਂ ਉਸ ਦਾ ਕੋਈ ਫੋਨ ਨਹੀਂ ਆਇਆ। ਗੁਰਜਿੰਦਰ ਦੇ ਦੋਸਤਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਦੋਸਤਾਂ ਨੇ ਹੀ ਉਸਦੇ ਵਾਪਸ ਆਉਣ ਲਈ ਦਿੱਲੀ ਤੋਂ ਬਠਿੰਡਾ ਤੱਕ ਕਿਸਾਨ ਐਕਸਪ੍ਰੈਸ ਟ੍ਰੇਨ ਦੀ ਟਿਕਟ ਗਿੱਦੜਬਾਹਾ ਤੋਂ ਬੁੱਕ ਕਰਵਾਈ ਸੀ। ਹੁਣ ਗੁਰਜਿੰਦਰ ਦਾ ਫੋਨ ਬੰਦ ਹੈ, ਵਟਸਐਪ ਜਾਂ ਇੰਸਟਾਗ੍ਰਾਮ ਤੇ ਕੋਈ ਸੁਨੇਹਾ ਡਲਿਵਰ ਨਹੀਂ ਹੋ ਰਿਹਾ। ਦੋਸਤ ਲਖਵਿੰਦਰ ਸਿੰਘ ਨੂੰ ਸ਼ੱਕ ਹੈ ਕਿ ਸ਼ਾਇਦ ਜਿਸ ਕੰਪਨੀ ’ਚ ਗੁਰਜਿੰਦਰ ਕੰਮ ਕਰਦਾ ਸੀ, ਉਸ ਨੇ ਹੀ ਉਸ ਨੂੰ ਵਾਪਸ ਆਉਣ ਤੋਂ ਰੋਕਿਆ ਹੋਵੇਗਾ। ਪਿੰਡ ਦੇ ਆਗੂ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਿੱਦੜਬਾਹਾ ਥਾਣੇ ’ਚ 2-3 ਦਿਨ ਪਹਿਲਾਂ ਦਰਖਾਸਤ ਦਿੱਤੀ ਗਈ ਹੈ, ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਗੁਰਜਿੰਦਰ ਦੀ ਕੋਈ ਉੱਘ-ਸੁੱਘ ਮਿਲ ਸਕੇ।