ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਬਣਿਆ ਜਲ ਸੰਭਾਲ ਦੀ ਮਿਸਾਲ -ਪੰਜਾਬੀ ਜਾਗਰਣ ਵਿਸ਼ੇਸ਼-
Publish Date: Sat, 18 Jul 2026 05:15 PM (IST)
Updated Date: Sat, 18 Jul 2026 05:16 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਧਰਮ ਅਤੇ ਵਾਤਾਵਰਣ ਸੰਭਾਲ ਦਾ ਇੱਕ ਅਨੋਖਾ ਸੁਮੇਲ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਸੰਗਤ ਵੱਲੋਂ ਪਰਿਕਰਮਾ ਧੋਣ ਅਤੇ ਮੀਂਹ ਦੌਰਾਨ ਵਹਿਣ ਵਾਲੇ ਹਜ਼ਾਰਾਂ ਲੀਟਰ ਪਾਣੀ ਨੂੰ ਬਚਾਉਣ ਲਈ ਚਾਰ ਅਤਿ-ਆਧੁਨਿਕ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਥਾਪਤ ਕੀਤੇ ਗਏ ਹਨ, ਜਿਸ ਨਾਲ ਪਾਣੀ ਦੀ ਬਰਬਾਦੀ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਈ ਗਈ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਅਤੇ ਡਿਪਟੀ ਮੈਨੇਜਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਚਾਰੇ ਸਿਸਟਮ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਦੇ ਚਾਰੋਂ ਕੋਨਿਆਂ ’ਚ ਲਗਾਏ ਗਏ ਹਨ। ਇਨ੍ਹਾਂ ਨੂੰ ਕਰੀਬ ਛੇ ਮਹੀਨੇ ਪਹਿਲਾਂ ਤਿਆਰ ਕਰਵਾਇਆ ਗਿਆ ਸੀ। ਹਰੇਕ ਸਿਸਟਮ ਨੂੰ 100-100 ਫੁੱਟ ਡੂੰਘਾ ਬਣਾਇਆ ਗਿਆ ਹੈ ਅਤੇ ਇੱਕ ਸਿਸਟਮ ’ਤੇ ਲਗਭਗ ਇੱਕ ਲੱਖ ਰੁਪਏ ਦਾ ਖਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਮਹੀਨੇ ’ਚ ਕਈ ਵਾਰ ਸ਼ਰਧਾ ਭਾਵਨਾ ਨਾਲ ਪਰਿਕਰਮਾ ਨੂੰ ਪਾਣੀ ਨਾਲ ਧੋਂਦੇ ਹਨ। ਇਸ ਦੌਰਾਨ ਹਜ਼ਾਰਾਂ ਲੀਟਰ ਪਾਣੀ ਦੀ ਵਰਤੋਂ ਹੁੰਦੀ ਸੀ, ਜੋ ਪਹਿਲਾਂ ਬਿਨਾਂ ਕਿਸੇ ਵਰਤੋਂ ਦੇ ਵਹਿ ਕੇ ਬਰਬਾਦ ਹੋ ਜਾਂਦਾ ਸੀ। ਪਰ ਹੁਣ ਸਥਿਤੀ ਬਦਲ ਗਈ ਹੈ। ਪਰਿਕਰਮਾ ਧੋਣ ਅਤੇ ਮੀਂਹ ਦਾ ਸਾਰਾ ਪਾਣੀ ਸਿੱਧਾ ਇਨ੍ਹਾਂ ਸਿਸਟਮਾਂ ਵਿੱਚ ਚਲਿਆ ਜਾਂਦਾ ਹੈ। ਅੱਠ ਇੰਚ ਦੀ ਪਾਈਪ ਰਾਹੀਂ ਜ਼ਮੀਨ ’ਚ ਹੋ ਰਿਹਾ ਫਿਲਟਰ ਮੈਨੇਜਰ ਨਿਰਮਲਜੀਤ ਸਿੰਘ ਅਨੁਸਾਰ ਪਾਣੀ ਨੂੰ ਜ਼ਮੀਨ ਦੇ ਅੰਦਰ ਭੇਜਣ ਲਈ ਅੱਠ ਇੰਚ ਦੀ ਪਾਈਪ ਪਾਈ ਗਈ ਹੈ। ਇਸ ਪਾਈਪ ਰਾਹੀਂ ਪਾਣੀ ਪਹਿਲਾਂ ਫਿਲਟਰ ਹੁੰਦਾ ਹੈ ਅਤੇ ਫਿਰ ਜ਼ਮੀਨ ’ਚ ਰੀਚਾਰਜ ਹੋ ਜਾਂਦਾ ਹੈ। ਮੀਂਹ ਦੇ ਦਿਨਾਂ ’ਚ ਵੀ ਹਜ਼ਾਰਾਂ ਲੀਟਰ ਮੀਂਹ ਦਾ ਪਾਣੀ ਵਿਅਰਥ ਨਹੀਂ ਜਾਂਦਾ, ਸਗੋਂ ਇਸ ਸਿਸਟਮ ਰਾਹੀਂ ਧਰਤੀ ਹੇਠਲੇ ਪਾਣੀ ਦੇ ਪੱਧਰ (ਭੂਜਲ ਪੱਧਰ) ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਬਚਤ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਅਜਿਹੇ ਵਿੱਚ ਪਾਣੀ ਦੀ ਇੱਕ-ਇੱਕ ਬੂੰਦ ਦਾ ਬਹੁਤ ਮਹੱਤਵ ਹੈ। ਇਨ੍ਹਾਂ ਸਿਸਟਮਾਂ ਸਦਕਾ ਹੁਣ ਪਾਣੀ ਦੀ ਬਰਬਾਦੀ ਪੂਰੀ ਤਰ੍ਹਾਂ ਰੁਕ ਗਈ ਹੈ। ਪਹਿਲਾਂ ਜਿੱਥੇ ਪਰਿਕਰਮਾ ਧੋਣ ਤੋਂ ਬਾਅਦ ਪਾਣੀ ਵਹਿ ਜਾਂਦਾ ਸੀ, ਉੱਥੇ ਹੀ ਹੁਣ ਉਹੀ ਪਾਣੀ ਧਰਤੀ ਦੀ ਗੋਦ ਵਿੱਚ ਜਾ ਕੇ ਮੁੜ ਜੀਵਨ ਦੇ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦਾ ਇਹ ਉਪਰਾਲਾ ਸਾਬਤ ਕਰਦਾ ਹੈ ਕਿ ਆਸਥਾ ਦੇ ਨਾਲ-ਨਾਲ ਜਾਗਰੂਕਤਾ ਵੀ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀ ਹੈ। ਸਮਾਜ ਲਈ ਪ੍ਰੇਰਨਾ ਗੁਰਦੁਆਰਾ ਪ੍ਰਬੰਧਕਾਂ ਦਾ ਇਹ ਕਦਮ ਨਾ ਸਿਰਫ਼ ਜਲ ਸੰਭਾਲ ਦੇ ਖੇਤਰ ’ਚ ਇੱਕ ਮਿਸਾਲ ਹੈ, ਸਗੋਂ ਸਮਾਜ ਨੂੰ ਵੀ ਇਹ ਸੁਨੇਹਾ ਦਿੰਦਾ ਹੈ ਕਿ ਧਾਰਮਿਕ ਅਸਥਾਨਾਂ ’ਤੇ ਵੀ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕਦੀ ਹੈ। ਪ੍ਰਬੰਧਕਾਂ ਨੇ ਅਪੀਲ ਕੀਤੀ ਕਿ ਹਰ ਘਰ, ਸੰਸਥਾ ਅਤੇ ਗੁਰਦੁਆਰੇ ਵਿੱਚ ਅਜਿਹੇ ਸਿਸਟਮ ਲਗਾਏ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ।