ਘਟੀਆ ਮੈਟੀਰੀਅਲ ’ਤੇ ਉਸਰ ਰਿਹੈ ਪੰਜਾਬ ਯੂਨੀਵਰਸਿਟੀ ਦਾ ਰਿਜ਼ਨਲ ਸੈਂਟਰ ਘਟੀਆ ਮੈਟੀਰੀਅਲ ’ਤੇ ਉਸਰ ਰਿਹੈ ਪੰਜਾਬ ਯੂਨੀਵਰਸਿਟੀ ਦਾ ਰਿਜ਼ਨਲ ਸੈਂਟਰ
Publish Date: Mon, 10 Aug 2026 06:11 PM (IST)
Updated Date: Mon, 10 Aug 2026 06:14 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ’ਚ ਬਣਾਈ ਜਾ ਰਹੀ ਰਿਜ਼ਨਲ ਸੈਂਟਰ ਦੀ ਇਮਾਰਤ ਦੇ ਨਿਰਮਾਣ ਕਾਰਜ ’ਚ ਕਥਿਤ ਤੌਰ ’ਤੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਰਿਜ਼ਨਲ ਸੈਂਟਰ ਦੀ ਇਮਾਰਤ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਪਿੰਡ ਕਾਉਣੀ ਵਿਖੇ ਤਬਦੀਲ ਕੀਤਾ ਜਾ ਰਿਹਾ ਰਿਜ਼ਨਲ ਸੈਂਟਰ ‘ਰਿਜ਼ਨਲ ਸੈਂਟਰ ਬਚਾਓ ਮੰਚ’ ਅਤੇ ਹੋਰ ਜਥੇਬੰਦੀਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸਰਕਾਰੀ ਕਾਲਜ ਕੰਪਲੈਕਸ ਵਿਚ ਤਬਦੀਲ ਕੀਤਾ ਗਿਆ ਸੀ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਾਸਤੇ ਲੋੜੀਂਦੀ ਜ਼ਮੀਨ ਵੀ ਯੂਨੀਵਰਸਿਟੀ ਦੇ ਨਾਂ ਕਰ ਦਿੱਤੀ। ਉਸਤੋਂ ਬਾਅਦ ਯੂਨੀਵਰਸਿਟੀ ਨੇ ਸੈਂਟਰ ਦੇ ਨਿਰਮਾਣ ਵਾਸਤੇ ਗਰਾਂਟ ਜਾਰੀ ਕਰ ਦਿੱਤੀ। ਹੁਣ ਇਸ ਗਰਾਂਟ ਨਾਲ ਬਣ ਰਹੀ ਇਮਾਰਤ ’ਚ ਕਥਿਤ ਤੌਰ ’ਤੇ ਘਟੀਆ ਮੈਟੀਰੀਅਲ ਵਰਤਿਆ ਜਾ ਰਿਹਾ ਹੈ ਜਿਸ ਕਰਕੇ ਮੈਟੀਰੀਅਲ ਦੀ ਗੁਣਵੱਤਾ ’ਤੇ ਸਵਾਲ ਉਠ ਰਹੇ ਹਨ। ਮੰਚ ਦੇ ਆਗੂ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਜਿਹੜੀਆਂ ਇੱਟਾਂ ਉਸਾਰੀ ਵਾਸਤੇ ਵਰਤੀਆਂ ਜਾ ਰਹੀਆਂ ਹਨ ਉਹ ਘਟੀਆ ਕੁਆਲਟੀ ਦੀਆਂ ਹਨ। ਇਸ ਨਾਲ ਉਸਰੀ ਇਮਾਰਤ ਦਾ ਭਵਿੱਖ ਬਹੁਤ ਮਾੜਾ ਹੋਵੇਗਾ। ਇਸ ਨਾਲ ਪੈਸੇ ਦੀ ਬਰਬਾਦੀ ਤੇ ਮਨੁੱਖੀ ਜਾਨਾਂ ਦਾ ਖਤਰਾ ਪੈਦਾ ਹੋਵੇਗਾ। ਇਸ ਦੌਰਾਨ ਉਥੇ ਕੰਮ ਕਰ ਰਹੇ ਮਿਸਤਰੀਆਂ ਨੇ ਵੀ ਦੱਸਿਆ ਕਿ ਇਹ ਇੱਟ ਗੈਰ ਮਿਆਰੀ ਯਾਨੀ ਕਿ ਇੱਕ-ਡੇਢ ਨੰਬਰ ਹੈ। ਮਿਸਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਠੇਕੇਦਾਰ ਨੂੰ ਚੰਗੀ ਕੁਆਲਟੀ ਦੀ ਇੱਟ ਭੇਜਣ ਵਾਸਤੇ ਕਿਹਾ ਹੋਇਆ ਹੈ। ਠੇਕੇਦਾਰ ਨੇ ਦੋਸ਼ਾਂ ਨੂੰ ਨਕਾਰਿਆ ਇਸ ਸਬੰਧੀ ਜਦੋਂ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਘਟੀਆ ਮਟੀਰੀਅਲ ਵਰਤਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਮਾਰਤ ’ਚ ਵਰਤਿਆ ਜਾ ਰਿਹਾ ਮਟੀਰੀਅਲ ਅਤੇ ਇੱਟਾਂ ਬਿਲਕੁਲ ਸਹੀ ਗੁਣਵੱਤਾ ਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਕੋਈ ਮਾੜੀ ਇੱਟਾ ਭੱਠੇ ਵਾਲਿਆਂ ਨੇ ਭੇਜੀ ਹੈ ਤਾਂ ਉਹ ਵਾਪਸ ਕਰ ਦਿੱਤੀ ਜਾਵੇਗੀ। ਮਾਮਲਾ ਯੂਨੀਵਰਸਿਟੀ ਦੇ ਧਿਆਨ ’ਚ ਲਿਆਵਾਂਗੇ : ਡਾਇਰੈਕਟਰ 1ਧਰ ਰੀਜਨਲ ਸੈਂਟਰ ਦੇ ਡਾਇਰੈਕਟਰ ਡਾ. ਮਨੀਸ਼ ਕੁਮਾਰ ਜਿੰਦਲ ਨੇ ਕਿਹਾ ਕਿ ਇਮਾਰਤ ਦਾ ਨਿਰਮਾਣ ਕਾਰਜ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਬੱਚਿਆਂ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਦਾ ਇੱਕ-ਇੱਕ ਰੁਪਿਆ ਸਹੀ ਢੰਗ ਨਾਲ ਅਤੇ ਨਿਯਮਾਂ ਅਨੁਸਾਰ ਖਰਚ ਹੋਣਾ ਯਕੀਨੀ ਬਣਾਇਆ ਜਾਵੇਗਾ।