ਮਾਲਵਾ-ਕਰਨਾਲ ਨਹਿਰ ਦੇ ਵਿਰੋਧ ’ਚ ‘ਪੰਜਾਬ ਬਚਾਓ ਮੋਰਚਾ’ ਨੇ ਖੇਤੀਬਾੜੀ ਮੰਤਰੀ ਦੀ ਰਿਹਾਇਸ਼ ਘੇਰੀ ਮਾਲਵਾ-ਕਰਨਾਲ ਨਹਿਰ ਦੇ ਵਿਰੋਧ ’ਚ ਪੰਜਾਬ ਬਚਾਓ ਮੋਰਚੇ ਵੱਲੋਂ ਖੇਤੀਬਾੜੀ ਮੰਤਰੀ ਦੇ ਘਰ ਬਾਹਰ ਧਰਨਾ
Publish Date: Wed, 30 Sep 2026 06:26 PM (IST)
Updated Date: Wed, 30 Sep 2026 06:27 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਮਾਲਵਾ-ਕਰਨਾਲ ਨਹਿਰ ਦੇ ਵਿਰੋਧ ’ਚ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ‘ਪੰਜਾਬ ਬਚਾਓ ਮੋਰਚਾ’ ਵੱਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਿਹਾਇਸ਼ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਇਸ ਨਹਿਰ ਦੇ ਬਹਾਨੇ ਬੁੱਢੇ ਦਰਿਆ ਦਾ ਜ਼ਹਿਰੀਲਾ ਪਾਣੀ ਮਾਲਵੇ ਵੱਲ ਮੋੜ ਕੇ ਇਲਾਕੇ ’ਚ ਕੈਂਸਰ ਵੰਡਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਬਚਾਓ ਮੋਰਚੇ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਸੰਘਰਸ਼ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਇਸਤੋਂ ਪਹਿਲਾਂ ਵੀ ਉਨ੍ਹਾਂ ਨੇ ਡੀਸੀ ਦਫ਼ਤਰਾਂ ਅਤੇ ਜ਼ਿਲ੍ਹਾ ਪੱਧਰ ’ਤੇ ਕਈ ਪ੍ਰਦਰਸ਼ਨ ਕੀਤੇ ਹਨ। ਆਗੂਆਂ ਮੁਤਾਬਕ, ਹਾਈਕੋਰਟ ਨੇ ਪਹਿਲਾਂ ਹੀ ਇਸ ਪ੍ਰੋਜੈਕਟ ’ਤੇ ਰੋਕ ਲਗਾਈ ਹੋਈ ਹੈ ਅਤੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੇ ਵੀ ਮਤੇ ਪਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਮਾਲਵਾ-ਕਰਨਾਲ ਨਹਿਰ ਦੀ ਕੋਈ ਜ਼ਰੂਰਤ ਨਹੀਂ ਹੈ। ਇਸਦੇ ਬਾਵਜੂਦ ਸਰਕਾਰੀ ਅਫ਼ਸਰਸ਼ਾਹੀ ਲੋਕਾਂ ’ਤੇ ਇਹ ਫੈਸਲਾ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਬੁੱਢੇ ਦਰਿਆ ਦਾ ਇਕੱਲਾ ਕੈਂਸਰ ਆ ਜਿਹੜਾ ਮਾਲਵੇ ਨੂੰ ਵੰਡਣ ਦੀ ਤਿਆਰੀ ਕੀਤੀ ਸੀ। ਅਸੀਂ ਉਸ ਦਿਨ ਤੋਂ ਇਸ ਨਹਿਰ ਦਾ ਵਿਰੋਧ ਕੀਤਾ। ਸਾਡੀਆਂ ਅਹਿਮ 9 ਮੰਗਾਂ ਨੇ ਜਿਨ੍ਹਾਂ ਵਿੱਚੋਂ ਪਹਿਲੀ ਇਹ ਹੈ ਕਿ ਮਾਲਵਾ ਨਹਿਰ ਦੀ ਪ੍ਰਪੋਜ਼ਲ ਤੁਰੰਤ ਰੱਦ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅੱਗੇ 9 ਅਹਿਮ ਮੰਗਾਂ ਰੱਖੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਲਾਕੇ ਨੂੰ ਪਾਣੀ ਦੇਣਾ ਹੀ ਹੈ, ਤਾਂ ਮੌਜੂਦਾ ਸਰਹਿੰਦ ਨਹਿਰ (ਰੂਪਨਗਰ ਤੋਂ ਮੱਲਾਂਵਾਲਾ ਤੱਕ) ਨੂੰ ਪੱਕਾ ਕਰਕੇ ਉਸਦੀ ਸਮਰੱਥਾ ਵਧਾਈ ਜਾ ਸਕਦੀ ਹੈ। ਇਸਦੇ ਨਾਲ ਹੀ ਆਗੂਆਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਨ੍ਹਾਂ ਦਾ ਪੁਰਾਣਾ ਵਾਅਦਾ ਵੀ ਯਾਦ ਕਰਵਾਇਆ, ਜਿਸ ’ਚ ਉਨ੍ਹਾਂ ਨੇ ਲਿਫਟ ਪੰਪਾਂ ਦੀ ਬਿਜਲੀ ਮੁਆਫ਼ ਕਰਨ ਦਾ ਭਰੋਸਾ ਦਿੱਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਬਿਨਾਂ ਮੰਗ ਤੋਂ ਕੋਈ ਨੀਤੀ ਉਨ੍ਹਾਂ ’ਤੇ ਥੋਪੀ ਗਈ, ਤਾਂ ਉਹ ਇਸਨੂੰ ਬਰਦਾਸ਼ਤ ਨਹੀਂ ਕਰਨਗੇ।