ਵਿਧਾਇਕ ਤੇ ਆਹਲਾ ਅਫਸਰਾਂ ਦੇ ਧਿਆਨ ’ਚ ਲਿਆਉਣ ’ਤੇ ਵੀ ਸਮੱਸਿਆ ਜਿਓਂ ਦੀ ਤਿਓਂ ਜਲਘਰ ਦੀਆਂ ਡਿੱਗੀਆਂ ’ਚ ਫੁੱਟਪਾਥ ਦਾ ਮਲ-ਮੂਤਰ ਪਾਉਣ ਤੋਂ ਲੋਕਾਂ ’ਚ ਰੋਸ
Publish Date: Mon, 27 Jul 2026 05:27 PM (IST)
Updated Date: Mon, 27 Jul 2026 05:27 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇੱਥੋਂ ਦੇ ਮੁੱਖ ਜਲ ਘਰ ਵੱਲੋਂ ਪਾਣੀ ਸਟੋਰ ਕਰਨ ਵਾਲੀਆਂ ਡਿੱਗੀਆਂ ਦੇ ਦੁਆਲੇ ਕਰੀਬ ਛੇ ਮਹੀਨੇ ਪਹਿਲਾਂ ਨਵੇਂ ਫੁੱਟਪਾਥ ਬਣਾਏ ਸਨ। ਇੰਨ੍ਹਾਂ ਫੁੱਟਪਾਥਾਂ ਦਾ ਗੰਦਾ ਪਾਣੀ, ਜਿਸ ’ਚ ਪਸ਼ੂਆਂ ਦਾ ਮਲ-ਮੂਤਰ ਵੀ ਰਲਿਆ ਹੁੰਦਾ ਹੈ ਉਹ ਡਿੱਗੀ ’ਚ ਪਾ ਦਿੱਤਾ ਸੀ। ਵਿਭਾਗ ਦੀ ਅਣਗਹਿਲੀ ’ਤੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਜਸਵੰਤ ਸਿੰਘ ਭਾਗਸਰ, ਗੋਬਿੰਦ ਸਿੰਘ ਦਾਬੜਾ, ਗਗਨਦੀਪ ਗੋਇਲ, ਕ੍ਰਿਸ਼ਨ ਦੂਮੜਾ, ਬਲਜੀਤ ਸਿੰਘ ਅਰੋੜਾ ਅਤੇ ਕਾਮਰੇਡ ਖਰੈਤੀ ਲਾਲ ਤੋਂ ਇਲਾਵਾ ਹੋਰਨਾਂ ਨੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਪਾਸੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਸੀ। ਜਿਸਤੇ ਕੇਵਲ ਗਰਗ ਨੇ ਦੱਸਿਆ ਕਿ ਫੁੱਟਪਾਥ ਬਣਾਉਣ ਦਾ ਕੰਮ ਨਗਰ ਕੌਂਸਲ ਪਾਸੋਂ ਕਰਵਾਇਆ ਹੈ। ਇਸ ਲਈ ਉਹ ਕੌਂਸਲ ਨੂੰ ਫੁੱਟਪਾਥ ਦਾ ਪਾਣੀ ਸੀਵਰੇਜ ’ਚ ਪਾਉਣ ਲਈ ਕਹਿਣਗੇ। ਪਰ ਚਾਰ ਮਹੀਨਿਆਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ। ਹੁਣ ਜਦੋਂ ਕਿ ਬਾਰਸ਼ਾਂ ਦਾ ਮੌਸਮ ਆ ਗਿਆ ਹੈ ਤਾਂ ਇਹ ਸਮੱਸਿਆ ਹੋਰ ਗੰਭੀਰ ਹੋ ਗਈ। ਵਾਤਾਵਰਣ ਪ੍ਰੇਮੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ’ਚ ਸੈਂਕੜੇ ਅਵਾਰਾ ਪਸ਼ੂ ਫਿਰਦੇ ਹਨ ਜਿਹੜੇ ਫੁੱਟਪਾਥ ਉਪਰ ਮਲ-ਮੂਤਰ ਕਰਦੇ ਹਨ ਤੇ ਬਾਰਸ਼ ਦੇ ਪਾਣੀ ਨਾਲ ਖੁਰ ਕੇ ਇਹ ਸਾਰਾ ਮਲ-ਮੂਤਰ ਡਿੱਗੀਆਂ ’ਚ ਜਾਂਦਾ ਹੈ ਅਤੇ ਅੱਗੋਂ ਇਹੀ ਪੀਣ ਵਾਲਾ ਪਾਣੀ ਘਰਾਂ ’ਚ ਜਾਂਦਾ ਹੈ। ‘ਸਮਾਰਟ ਮਾਰਨਿੰਗ ਵਾਕਿੰਗ ਗਰੁੱਪ’ ਵੱਲੋਂ ਇਹ ਮਾਮਲਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਧਿਆਨ ’ਚ ਵੀ ਲਿਆਂਦਾ ਸੀ ਤੇ ਕਾਕਾ ਬਰਾੜ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਵੀ ਦਿੱਤਾ ਸੀ। ਪਰ ਕੋਈ ਹੱਲ ਨਹੀਂ ਹੋਇਆ। ਸ਼ਹਿਰੀਆਂ ਨੇ ਰੋਸ ਜਾਹਿਰ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਸਵੱਛ ਪਾਣੀ ਦੇਣ ਲਈ ਜਿੰਮੇਵਾਰੀ ਅਧਿਕਾਰੀਆਂ ਦੀ ਨੱਕ ਥੱਲੇ ਹੀ ਗੰਦਗੀ ਡਿੱਗੀਆਂ ’ਚ ਪਾਉਣ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਫੁੱਟਪਾਥ ਦਾ ਪਾਣੀ ਡਿੱਗੀਆਂ ’ਚ ਪਾਉਣ ਤੋਂ ਰੋਕਿਆ ਜਾਵੇ ਅਤੇ ਇਸਦੀ ਸੀਵਰੇਜ ’ਚ ਨਿਕਾਸੀ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਵਾਟਰ ਵਰਕਸ ’ਚ ਘੁੰਮਦੇ ਸੈਂਕੜੇ ਅਵਾਰਾ ਪਸ਼ੂਆਂ ਨੂੰ ਬਾਹਰ ਕੱਢਣ ਦੀ ਵੀ ਮੰਗ ਕੀਤੀ ਹੈ। ਬਾਰਸ਼ ਦੇ ਪਾਣੀ ਦੀ ਨਿਕਾਸੀ ਦੇ ਤਿੰਨ ਹੱਲ ਵਾਤਾਵਰਣ ਪ੍ਰੇਮੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਬਾਰਿਸ਼ ਦੇ ਪਾਣੀ ਦੇ ਨਿਕਾਸ ਦੇ ਤਿੰਨ ਹੱਲ ਹਨ। ਪਹਿਲਾ ਪਾਣੀ ਨੂੰ ਸੀਵਰੇਜ ’ਚ ਪਾਇਆ ਜਾਵੇ। ਦੂਜਾ ਪਾਣੀ ਜਲਘਰ ਦੇ ਖਾਲ੍ਹੀ ਘਾਹ ਵਾਲੇ ਮੈਦਾਨ ’ਚ ਪਾਣੀ ਜਾਵੇ ਅਤੇ ਤੀਜਾ ਬੋਰ ਕਰਕੇ ਧਰਤੀ ’ਚ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪਾਣੀ ਡਿੱਗੀਆਂ ’ਚ ਪਾਉਣ ਲਈ ਬਕਾਇਦਾ ਚੈਂਬਰ ਬਣਾਕੇ ਪਾਈਪਾਂ ਪਾਈਆਂ ਗਈਆਂ ਹਨ। ਜਲਦੀ ਸਥਾਈ ਹੱਲ ਕਰਾਂਗੇ : ਐਕਸੀਅਨ ਗਗਨ ਇਸ ਸਬੰਧੀ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨੇ ਦੱਸਿਆ ਕਿ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਫੁੱਟਪਾਥ ਦਾ ਪਾਣੀ ਸੀਵਰੇਜ ’ਚ ਪਾਉਣ ਦੀ ਹਦਾਇਤ ਕਰ ਦਿੱਤੀ ਹੈ। ਆਰਜ਼ੀ ਤੌਰ ’ਤੇ ਪਾਣੀ ਬੰਦ ਕਰ ਦਿੱਤਾ ਹੈ। ਪੱਕਾ ਹੱਲ ਵੀ ਜਲਦ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਅਵਾਰਾ ਪਸ਼ੂਆਂ ਦਾ ਮਸਲਾ ਵੀ ਜਲਦੀ ਹੱਲ ਕੀਤਾ ਜਾਵੇਗਾ।