ਪੀਐਸਯੂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ ਪੀਐਸਯੂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ
Publish Date: Mon, 14 Sep 2026 04:40 PM (IST)
Updated Date: Mon, 14 Sep 2026 04:41 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਸਰ ਸਾਹਿਬ : ਪੰਜਾਬ ਸਟੂਡੈਂਟਸ ਯੂਨੀਅਨ ਇਕਾਈ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਦੋ ਰੋਜ਼ਾ ਪ੍ਰੋਗਰਾਮ ਦੇ ਪਹਿਲੇ ਦਿਨ ਕਾਲਜ ’ਚ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਉਜਾਗਰ ਕਰਦੀ ਚਾਰਟ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਢਿੱਲਵਾਂ ਅਤੇ ਜ਼ਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਕਿਹਾ ਕਿ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਸੱਤਾ ’ਚ ਆਈ ਹੈ ਇਸਨੇ ਆਪਣੇ ਦੋਹਾਂ ਥੰਮਾਂ ਆਰਐਸਐਸ ਅਤੇ ਕਾਰਪੋਰੇਟ ਨੂੰ ਖੁਸ਼ ਕਰਨ ਲਈ ਬਹੁਤ ਸਾਰੀਆਂ ਨੀਤੀਆਂ ਲਿਆਂਦੀਆਂ। ਜਿਨਾਂ ਦਾ ਸਿੱਧਾ ਅਸਰ ਆਮ ਲੋਕਾਂ ਉੱਪਰ ਪਿਆ। ਮੋਦੀ ਸਰਕਾਰ ਦੀ ਸੱਤਾ ਦੇ ਵਿੱਚ ਅੱਜ ਹਰ ਵਰਗ ਭਾਵੇਂ ਉਹ ਕਿਸਾਨ ਹੋਣ, ਮਜ਼ਦੂਰ ਹੋਣ, ਅਧਿਆਪਕ ਹੋਣ ਜਾਂ ਮੁਲਾਜ਼ਮ ਹੋਣ ਇਨ੍ਹਾਂ ਨੀਤੀਆਂ ਤੋਂ ਪੀੜਿਤ ਹੈ। ਪੂਰੇ ਦੇਸ਼ ’ਚ ਮੋਦੀ ਸਰਕਾਰ ਖਿਲਾਫ ਕਈ ਅੰਦੋਲਨਾਂ ਦਾ ਵੀ ਉਭਾਰ ਹੋਇਆ। ਕਾਰਪੋਰੇਟ ਨੂੰ ਖੁਸ਼ ਕਰਨ ਲਈ ਅਮਰੀਕਾ ਦੇ ਨਾਲ ਮੁਫਤ ਵਪਾਰ ਸਮਝੌਤਾ ਕੀਤਾ ਜਿਸ ਕਾਰਨ ਮਹਿੰਗਾਈ ਸਿਖਰਾਂ ’ਤੇ ਹੋ ਗਈ। ਔਰਤਾਂ ਅਤੇ ਘੱਟ ਗਿਣਤੀਆਂ ਦੇ ਵਿਰੋਧ ’ਚ ਯੂਨੀਫਾਰਮ ਸਿਵਿਲ ਕੋਡ ਲਿਆਂਦਾ ਗਿਆ। ਵਿਦਿਆਰਥੀਆਂ ਦੇ ਵਿਰੋਧ ’ਚ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਅਤੇ ਮਜ਼ਦੂਰਾਂ ਉਪਰ ਚਾਰ ਲੇਬਰ ਕੋਡ ਧੱਕੇ ਨਾਲ ਥੋਪੇ ਗਏ। ਇਨਾ ਹੀ ਨਹੀਂ ਆਪਣੀ ਕੇਂਦਰੀਕਰਨ ਦੀ ਨੀਤੀ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਦੇ ਪਾਣੀਆਂ ਤੇ ਪੰਜਾਬ ਯੂਨੀਵਰਸਿਟੀ ਦੇ ਲਗਾਤਾਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੀਤੀਆਂ ਨੂੰ ਉਜਾਗਰ ਕਰਦੀ ਹੋਈ ਅਤੇ ਇਨ੍ਹਾਂ ਨੀਤੀਆਂ ਖਿਲਾਫ ਲੜ ਰਹੇ ਲੋਕਾਂ ਨੂੰ ਸਮਰਪਿਤ ਚਾਰਟ ਪ੍ਰਦਰਸ਼ਨੀ ਲਗਾਈ ਗਈ ਅਤੇ ਨਾਲ ਹੀ ਇਹ ਸੱਦਾ ਦਿੱਤਾ ਗਿਆ ਅਤੇ 26 ਸਤੰਬਰ ਨੂੰ ਭਾਜਪਾ ਆਰਐਸਐਸ ਦੇ ਸਮੁੱਚੇ ਹਮਲੇ ਖਿਲਾਫ ਮੋਗੇ ਵਿਖੇ ਹੋ ਰਹੀ ਵੱਡੀ ਰੈਲੀ ’ਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਇਸ ਸਾਰੀ ਚਾਰਟ ਪ੍ਰਦਰਸ਼ਨੀ ਦੀ ਜਿੰਮੇਵਾਰੀ ਕਾਲਜ ਕਮੇਟੀ ਮੀਤ ਪ੍ਰਧਾਨ ਸ਼ਿਵਮ, ਸਕੱਤਰ ਨਵਦੀਪ ਕੌਰ ਚੜੇਵਾਨ, ਪ੍ਰੈਸ ਸਕੱਤਰ ਕਰਨ,ਖਜਾਨਚੀ ਜੈਸਮੀਨ ਅਤੇ ਰੁਕਸਾਨਾ, ਸੋਸ਼ਲ ਮੀਡੀਆ ਇੰਚਾਰਜ ਖੁਸ਼ਵਿੰਰ ਸਿੰਘ, ਹਰਪ੍ਰੀਤ ਸਿੰਘ ਕੋਟਲੀ ਦੇਵਨ ਅਤੇ ਕਾਲਜ ਕਮੇਟੀ ਮੈਂਬਰ ਕੋਮਲ, ਰਾਮਪ੍ਰੀਤ, ਕ੍ਰਿਸ਼ਨ,ਅਰਸ਼ ਗਿੱਲ, ਗੁਰਵਿੰਦਰ ਕੌਰ ਚੜੇਵਾਨ, ਇਸ਼ਮੀਤ ਆਦਿ ਨੇ ਨਿਭਾਈ।