ਐੱਲਪੀਯੂ ਦੀ ਘਟਨਾ ਨੂੰ ਲੈ ਕੇ ਪੀਐੱਸਯੂ ਵੱਲੋਂ ਮੁਕਤਸਰ ਵਿਖੇ ਰੋਸ ਪ੍ਰਦਰਸ਼ਨ ਐੱਲਪੀਯੂ ਘਟਨਾ ਵਿਰੁੱਧ ਪੀਐਸਯੂ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ
Publish Date: Tue, 29 Sep 2026 05:42 PM (IST)
Updated Date: Tue, 29 Sep 2026 05:43 PM (IST)
ਸੁਖਦੀਪ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਲੜਕੀ ਨਾਲ ਵਾਪਰੀ ਬਲਾਤਕਾਰ ਦੀ ਘਟਨਾ, ਉਸ ਵੱਲੋਂ ਆਤਮ-ਹੱਤਿਆ ਕਰਨ ਅਤੇ ਇਨਸਾਫ਼ ਮੰਗ ਰਹੇ ਵਿਦਿਆਰਥੀਆਂ ’ਤੇ ਪੁਲਸੀਆ ਲਾਠੀਚਾਰਜ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਾਲਜ ਕਮੇਟੀ ਪ੍ਰਧਾਨ ਨੌਨਿਹਾਲ ਸਿੰਘ ਥਾਂਦੇਵਾਲਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੀ ਨਾਕਾਮੀ ਛੁਪਾਉਣ ਲਈ ਪੀੜਤ ਲੜਕੀ ਨੂੰ ਘਰ ਭੇਜ ਦਿੱਤਾ, ਜਿੱਥੇ ਮਾਨਸਿਕ ਪੀੜਾ ਕਾਰਨ ਉਸਨੇ ਆਤਮ-ਹੱਤਿਆ ਕਰ ਲਈ। ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਕਿਉਂਕਿ ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਲ ਭਾਜਪਾ ਦਾ ਰਾਜ ਸਭਾ ਮੈਂਬਰ ਹੈ। ਉਨ੍ਹਾਂ ਆਰਐੱਸਐੱਸ ਅਤੇ ਮੋਦੀ ਸਰਕਾਰ ’ਤੇ ਔਰਤ ਵਿਰੋਧੀ ਵਿਚਾਰਧਾਰਾ ਨੂੰ ਹੱਵਾ ਦੇਣ ਅਤੇ ਆਮ ਆਦਮੀ ਪਾਰਟੀ ਸਰਕਾਰ ਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਦੇ ਗੰਭੀਰ ਦੋਸ਼ ਲਗਾਏ। ਯੂਨੀਅਨ ਨੇ ਮਾਮਲੇ ਦੀ ਫੌਰੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕਾਲਜ ਕਮੇਟੀ ਦੀ ਖਜ਼ਾਨਚੀ ਜੈਸਮੀਨ ਮੁਕਤਸਰ ਨੇ ਆਏ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਅਜਿਹੇ ਅਪਰਾਧਾਂ ਵਿਰੁੱਧ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਾਲਜ ਕਮੇਟੀ ਮੀਤ ਪ੍ਰਧਾਨ ਸ਼ਿਵਮ ਕੁਮਾਰ, ਅਰਸ਼ਦੀਪ ਮੁਕਤਸਰ, ਰੁਕਸਾਨਾ, ਇਸ਼ਮੀਤ, ਕਰਨ ਗਿੱਲ, ਖੁਸ਼ਵਿੰਦਰ ਸਿੰਘ, ਹਰਪ੍ਰੀਤ ਕੋਟਲੀ ਦੇਵਨ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।