ਕਿਰਤੀ ਕਿਸਾਨ ਯੂਨੀਅਨ ਪਿਡ ਸੰਗਰਾਣੇ ’ਚ ਕੀਤੀ ਲਾਮਬੰਦੀ
ਭਾਰਤ ਅਮਰੀਕਾ ਸਮਝੌਤੇ ਦੇ ਖਿਲਾਫ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਸਾਹਮਣੇ ਧਰਨਾ 22 ਨੂੰ
Publish Date: Wed, 18 Feb 2026 07:54 PM (IST)
Updated Date: Wed, 18 Feb 2026 07:57 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕਿਰਤੀ ਕਿਸਾਨ ਯੂਨੀਅਨ ਨੇ ਭਾਰਤ ਅਮਰੀਕਾ ਟਰੇਡ ਸਮਝੋਤੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਿਮ ਵਿੱਢ ਦਿੱਤੀ ਹੈ ਇਸਦੀ ਸ਼ੁਰੂਆਤ ਪਿੰਡ ਸੰਗਰਾਣੇ ਤੋਂ ਕਰਦਿਆਂ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਤੇ ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਕਿਹਾ ਖੇਤੀ ਖੇਤਰ ਨੂੰ ਸਾਮਰਾਜੀ ਦੇਸ ਅਮਰੀਕਾ ਲਈ ਖੋਲ੍ਹ ਕੇ ਬਾਹਰੋਂ ਸਸਤੇ ਖੇਤੀ ਉਤਪਾਦ ਲਿਆ ਕੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਮੌਤ ਦੇ ਵਾਰੰਟਾਂ ’ਤੇ ਦਸਤਖਤ ਕਰ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਬੀਜ ਬਿੱਲ ਵੀ ਖੇਤੀ ਖੇਤਰ ਕਾਰਪੋਰੇਟ ਦੇ ਹਵਾਲੇ ਕਰਨ ਦੇ ਮਨਸੂਬੇ ਤਹਿਤ ਹੀ ਲਿਆਂਦਾ ਗਿਆ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਦੀ ਵੱਡੀ ਕਿਸਾਨੀ ਜਿਸ ਕੋਲ ਹਜ਼ਾਰਾਂ ਏਕੜਾਂ ਦੇ ਫਾਰਮ ਨੇ ਉਸ ਦੇ ਮੁਕਾਬਲੇ ਸਾਡੇ ਛੋਟੇ ਦਰਮਿਆਨੇ ਕਿਸਾਨ ਜਿਨ੍ਹਾਂ ਨੂੰ ਔਸਤਨ 3 ਕਿੱਲੇ ਜ਼ਮੀਨ ਆਉਂਦੀ ਹੈ, ਮੁਕਾਬਲਾ ਨਹੀਂ ਕਰ ਸਕਦੇ। ਦੂਸਰੇ ਪਾਸੇ ਅਮਰੀਕੀ ਕਿਸਾਨਾਂ ਨੂੰ ਕਰੋੜਾਂ ਰੁਪਏ ਸਬਸਿਡੀਆਂ ਮਿਲਦੀਆਂ ਹਨ, ਜਦਕਿ ਭਾਰਤ ਦੇ ਕਿਸਾਨਾਂ ਨੂੰ ਚੰਦ ਰੁਪਏ ਸਬਸਿਡੀ ਮਿਲਦੀ ਹੈ। ਇਸ ਮੌਕੇ ਬੋਲਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਗੁਰਸੇਵਕ ਸਿੰਘ ਸਗਰਾਣਾ ਗੁਰਮੀਤ ਸਿੰਘ ਸੰਗਰਾਣਾ ਨੇ ਕਿਹਾ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਕਿਸਾਨਾਂ ਖਿਲਾਫ਼ ਕੋਈ ਫ਼ੈਸਲਾ ਨਹੀਂ ਕੀਤਾ ਜਾਵੇਗਾ, ਜਦਕਿ 19 ਅਗਸਤ ਨੂੰ ਕਪਾਹ ਨੂੰ ਟੈਰਿਫ਼ ਫ਼ਰੀ ਕਰ ਦਿੱਤਾ, ਜਿਸ ਨਾਲ ਭਾਰਤੀ ਕਿਸਾਨਾਂ ਦੀ ਕਪਾਹ ਅਗਲੇ ਦਿਨ ਹੀ 1100 ਰੁਪਏ ਹੇਠਾਂ ਚਲੀ ਗਈ ਅਤੇ 95% ਕਪਾਹ ਦਾ ਆਯਾਤ ਵਧਿਆ। ਜਿਸ ਕਰਕੇ ਭਾਰਤ ਦੇ ਲੱਖਾਂ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਉਜਾੜਾ ਤੈਅ ਹੋ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੇਬ ਅਤੇ ਡਰਾਈ ਫਰੂਟ ਨੂੰ ਵੀ ਟੈਰਿਫ ਚ ਵੱਡੀਆਂ ਰਿਆਇਤਾਂ ਦਿੱਤੀਆਂ ਹਨ ਅਤੇ ਹੁਣ ਸਮੁੱਚੇ ਖੇਤੀ ਖੇਤਰ ਨੂੰ ਸਾਮਰਾਜੀਆਂ ਲਈ ਖੋਲ੍ਹ ਕੇ ਸਰਕਾਰ ਨੇ ਮੁਲਕ ਦੇ ਕਰੋੜਾਂ ਕਿਸਾਨਾਂ ਦੀ ਮੌਤ ਦੇ ਵਾਰੰਟ ਤੇ ਦਸਤਖਤ ਕਰ ਦਿੱਤੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਕਿਸਾਨ ਅੰਦੋਲਨ ਲੜ ਕੇ ਖੇਤੀ ਕਾਨੂੰਨ ਰੱਦ ਕਰਾਏ ਸੀ ਉਸੇ ਤਰ੍ਹਾਂ ਕਿਸਾਨਾਂ ਨੂੰ ਅਮਰੀਕੀ ਸਾਮਰਾਜ ਅਤੇ ਭਾਰਤੀ ਹਾਕਮਾਂ ਦੇ ਖਿਲਾਫ਼ ਵੱਡੀ ਲਾਮਬੰਦੀ ਕਰਕੇ ਸੰਘਰਸ਼ ਦੇ ਮੈਦਾਨ ਵਿਚ ਉਤਰਨਾ ਪਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਬਿਜਲੀ ਤੇ ਬੀਜ ਬਿੱਲ, ਤੇ ਹੋਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 22 ਫਰਵਰੀ ਨੂੰ ਆਪ ਸਰਕਾਰ ਦੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਮੂਹਰੇ ਦਿੱਤੇ ਜਾ ਰਹੇ ਧਰਨੇ ਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਕੁਲਦੀਪ ਸਿੰਘ ਸੈਕਟਰੀ, ਜਗਦੇਵ ਸਿੰਘ, ਜਗਤਾਰ ਸਿੰਘ, ਕਰਨ ਸਿੰਘ, ਬਲਜੀਤ ਸਿੰਘ ਫੌਜੀ ਝਬੇਲਵਾਲੀ, ਸੁਖਦੇਵ ਸਿੰਘ ਝਬੇਲਵਾਲੀ ਤੋਂ ਇਲਾਵਾ ਬਹੁਤ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।