ਸੰਯੁਕਤ ਕਿਸਾਨ ਮੋਰਚੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ
Publish Date: Tue, 03 Nov 2026 04:04 PM (IST)
Updated Date: Tue, 03 Nov 2026 04:05 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਰਜਿਸਟਰਾਰ ਕੋ-ਆਪ੍ਰੇਟਿਵ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਕਿਸਾਨ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਗੁਰਮੀਤ ਸਿੰਘ ਲੰਬੀ ਜ਼ਿਲ੍ਹਾ ਆਗੂ ਬੀਕੇਯੂ ਲੱਖੋਵਾਲ, ਪੂਰਨ ਸਿੰਘ ਵੱਟੂ ਜ਼ਿਲ੍ਹਾ ਪ੍ਰਧਾਨ, ਬੀਕੇਯੂ ਡਕੌਂਦਾ ਬੁਰਜਗਿੱਲ, ਰਜਿੰਦਰ ਸਿੰਘ ਦੂਹੇਵਾਲਾ ਜ਼ਿਲ੍ਹਾ ਆਗੂ, ਕੌਮੀ ਕਿਸਾਨ ਯੂਨੀਅਨ, ਗੁਰਦੀਪ ਸਿੰਘ ਖੁੱਡੀਆਂ ਜ਼ਿਲ੍ਹਾ ਆਗੂ, ਬੀਕੇਯੂ ਡਕੌਂਦਾ ਧਨੇਰ, ਜਗਸੀਰ ਸਿੰਘ ਦੂਹੇਵਾਲਾ ਜ਼ਿਲ੍ਹਾ ਆਗੂ, ਬੀਕੇਯੂ ਲੱਖੋਵਾਲ, ਅਵਤਾਰ ਸਿੰਘ ਫੂਲੇਵਾਲਾ ਜ਼ਿਲ੍ਹਾ ਆਗੂ, ਬੀਕੇਯੂ ਕਾਦੀਆਂ, ਗੋਬਿੰਦ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ, ਬੀਕੇਯੂ ਰਾਜੇਵਾਲ ਅਤੇ ਧਰਮਪਾਲ ਝਬੇਲਵਾਲੀ ਪੁੰਨੇਵਾਲ ਜ਼ਿਲ੍ਹਾ ਪ੍ਰਧਾਨ ਅਤੇ ਕੁਲ ਹਿੰਦ ਕਿਸਾਨ ਸਭਾ ਨੇ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਖੋਹ ਕੇ ਸਰਕਾਰ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਬਣਾਉਣਾ ਚਾਹੁੰਦੀ ਹੈ, ਤਾਂ ਜੋ ਸਭ ਕੁਝ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਸਕੇ। ਕਿਸਾਨ ਆਗੂਆਂ ਨੇ ਦੱਸਿਆ ਕਿ ਕੋ-ਆਪ੍ਰੇਟਿਵ ਸੁਸਾਇਟੀਆਂ ’ਚ ਪਹਿਲਾਂ ਕਿਸਾਨਾਂ ਵੱਲੋਂ 3,000 ਰੁਪਏ ਦੀ ਹਿੱਸੇਦਾਰੀ ਪਾ ਕੇ 1,20,000 ਰੁਪਏ ਤੱਕ ਦਾ ਕਰਜ਼ਾ ਲਿਆ ਜਾ ਸਕਦਾ ਸੀ, ਜਿਸਨੂੰ ਹੁਣ ਵਧਾ ਕੇ 6,000 ਰੁਪਏ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਕਿਸਾਨਾਂ ਲਈ ਬੇਹੱਦ ਮਾਰੂ ਹੈ। ਇਸਤੋਂ ਇਲਾਵਾ, ਇੱਕ ਏਕੜ ਦੇ ਹੱਦ-ਕਰਜ਼ੇ (ਲਿਮਟ) ਦੇ ਬਦਲੇ ਕਿਸਾਨਾਂ ਨੂੰ ਸਿਰਫ਼ ਦੋ ਬੋਰੀਆਂ ਖਾਦ ਦਿੱਤੀ ਜਾ ਰਹੀ ਹੈ। ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਾਕੀ ਖਾਦ ਪ੍ਰਾਈਵੇਟ ਦੁਕਾਨਦਾਰਾਂ ਤੋਂ ਲੈਂਦੇ ਸਮੇਂ ਬੇਲੋੜੀਆਂ ਚੀਜ਼ਾਂ ਜ਼ਬਰਦਸਤੀ ਨਾਲ ਖਰੀਦਣੀਆਂ ਪੈਂਦੀਆਂ ਹਨ, ਜਿਸ ਨਾਲ ਉਨ੍ਹਾਂ ਸਿਰ ਵਿੱਤੀ ਭਾਰ ਵਧ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੋ-ਆਪ੍ਰੇਟਿਵ ਵਿਭਾਗ ਕਿਸਾਨਾਂ ਦਾ ਆਪਣਾ ਖੜ੍ਹਾ ਕੀਤਾ ਹੋਇਆ ਅਦਾਰਾ ਸੀ, ਪਰ ਸਰਕਾਰ ਇਸਨੂੰ ਤਬਾਹ ਕਰਕੇ ਪ੍ਰਾਈਵੇਟ ਹੱਥਾਂ ’ਚ ਵੇਚਣਾ ਚਾਹੁੰਦੀ ਹੈ। ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਕਿਸਾਨ ਵਿਰੋਧੀ ਫ਼ੈਸਲੇ ਤੁਰੰਤ ਵਾਪਸ ਨਾ ਲਏ ਤਾਂ ਸੰਯੁਕਤ ਕਿਸਾਨ ਮੋਰਚਾ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜਰਨੈਲ ਸਿੰਘ ਅਰੋੜਾਵਾਲੀ ਸੀਨੀਅਰ ਆਗੂ, ਪੰਜਾਬ ਕਿਸਾਨ ਯੂਨੀਅਨ ਨੇ ਨਿਭਾਈ। ਇਸ ਮੌਕੇ ਭਿੰਦਰ ਸਿੰਘ ਥਾਂਦੇਵਾਲਾ, ਪਰਮਿੰਦਰ ਸਿੰਘ ਉੜਾਂਗ, ਹਰਪ੍ਰੀਤ ਸਿੰਘ ਮੁਕਤਸਰ, ਅਮਨਦੀਪ ਸਿੰਘ ਹਰੀਕੇ ਕਲਾਂ, ਗੁਰਮੀਤ ਸਿੰਘ ਲੰਬੀ ਢਾਬ, ਸੁਖਮੰਦਰ ਸਿੰਘ ਮੁਕਤਸਰ, ਅੰਮ੍ਰਿਤਪਾਲ ਸਿੰਘ, ਸੁਖਦੇਵ ਸਿੰਘ ਰਿੰਪੀ, ਗਗਨਦੀਪ ਸਿੰਘ ਗੱਗਾ ਥਾਂਦੇਵਾਲਾ, ਪੱਪੂ ਸਿੰਘ ਮੈਂਬਰ ਭਲੇਰੀਆਂ, ਅੰਗਰੇਜ਼ ਸਿੰਘ ਦੂਹੇਵਾਲਾ, ਨਿਰਮਲ ਸਿੰਘ ਸੰਗੂਧੌਣ, ਦਰਸ਼ਨ ਸਿੰਘ ਮੁਕਤਸਰ ਅਤੇ ਗੁਰਚਰਨ ਸਿੰਘ ਫੂਲੇਵਾਲਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।