- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੈਬਿਨਟ ਮੰਤਰੀ ਬਲਜੀਤ ਕੌਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸ਼ਿੰਦਰਪਾਲ ਕੌਰ ਦੀ ਅਗਵਾਈ ’ਚ ਐਤਵਾਰ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ’ਤੇ ਆਂਗਣਵਾੜੀ ਵਰਕਰ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਹੁਣ ਆਪ ਸਰਕਾਰ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ’ਤੇ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਸਾਢੇ ਚਾਰ ਸਾਲ ਦਾ ਸਮਾਂ ਹੋ ਗਿਆ ਪ੍ਰੰਤੂ ਹੁਣ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਮੰਗ ਤੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਉਲਟਾ ਜਦੋਂ ਤੋਂ ਇਹ ਸਰਕਾਰ ਆਈ ਹੈ ਮਾਣ ਭੱਤਾ ਦੁਗਣਾ ਕੀ ਕਰਨਾ ਸੀ ਆਂਗਣਵਾੜੀ ਵਰਕਰ ਹੈਲਪਰ ਨੂੰ ਸਮੇਂ ਤੇ ਜਿਹੜਾ ਮਾਣ ਭੱਤਾ ਮਿਲਦਾ ਉਹ ਵੀ ਨਹੀਂ ਦਿੱਤਾ ਜਾ ਰਿਹਾ। ਆਂਗਣਵਾੜੀ ਕੇਂਦਰਾਂ ’ਚ ਆ ਰਿਹਾ ਰਾਸ਼ਨ ਬੇਹੱਦ ਘਟੀਆ ਕੁਆਲਿਟੀ ਦਾ ਹੈ ਜੋ ਪ੍ਰਾਈਵੇਟ ਕੰਪਨੀਆਂ ਅਤੇ ਐਨਜੀਓ ਰਾਹੀਂ ਦਿੱਤਾ ਜਾ ਰਿਹਾ ਹੈ। ਮਾਵਾਂ ਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਇਸ ਰਾਸ਼ਨ ’ਚ ਕਰੋੜਾਂ ਰੁਪਏ ਦਾ ਸਕੈਮ ਚੱਲ ਰਿਹਾ ਹੈ। ਆਂਗਣਵਾੜੀ ਕੇਂਦਰਾਂ ’ਚੋਂ ਲੈ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਦਾਖਲ ਕੀਤੇ ਗਏ ਬੱਚੇ ਵਾਪਸ ਆਂਗਣਵਾੜੀਆਂ ’ਚ ਨਹੀਂ ਭੇਜੇ ਗਏ। ਉਨ੍ਹਾਂ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਬੱਚੇ ਆਂਗਣਵਾੜੀ ’ਚ ਵਾਪਸ ਭੇਜੇ ਜਾਣ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਲੰਮਾ ਸਮਾਂ ਨਹੀਂ ਕੀਤੀ ਗਈ ਜੇਕਰ ਹੁਣ ਭਰਤੀ ਕੀਤੀ ਗਈ ਹੈ ਤਾਂ ਉਸ ’ਚ ਇੰਟਰਵਿਊ ਰੱਖ ਕੇ ਆਪਣੇ ਮਨ ਪਸੰਦ ਦੇ ਉਮੀਦਵਾਰਾਂ ਨੂੰ ਨੌਕਰੀ ਦਿੱਤੀ ਗਈ ਹੈ। ਭਰਤੀ ’ਚ ਵੱਡੇ ਪੱਧਰ ’ਤੇ ਘਪਲਾ ਹੋਇਆ ਹੈ। ਮਾਵਾਂ ਧੀਆਂ ਸਕੀਮ ’ਚ ਆਂਗਣਵਾੜੀ ਵਰਕਰਾਂ ਕੋਲੋਂ ਕੰਮ ਲੈ ਕੇ ਸਰਕਾਰ ਨੇ ਵਰਕਰ ਨੂੰ ਪ੍ਰਤੀ ਲਾਭਪਾਤਰੀ 25 ਰੁਪਏ ਦਿੱਤੇ ਹਨ ਹੈਲਪਰ ਨੂੰ ਕੁਝ ਨਹੀਂ ਦਿੱਤਾ, ਸਖੀ ਆਪਣੀ ਵਲੰਟੀਅਰ ਲਾਈ ਗਈ ਸਖੀ ਨੂੰ 300 ਰੁਪ ਪ੍ਰਤੀ ਫਾਰਮ ਦਿੱਤਾ ਹੈ ਜੋ ਕਿ ਸ਼ਰੇਆਮ ਆਂਗਣਵਾੜੀ ਵਰਕਰ ਹੈਲਪਰ ਨਾਲ ਧੱਕਾ ਹੈ ਅਤੇ ਸਰਕਾਰੀ ਪੈਸੇ ਦੀ ਆਪਣੀ ਪਾਰਟੀ ਦੇ ਬੰਦਿਆਂ ਨੂੰ ਦੇ ਕੇ ਦੁਰਵਰਤੋਂ ਕੀਤੀ ਜਾ ਰਹੀ। ਇਸ ਰੋਸ ਪ੍ਰਦਰਸ਼ਨ ਨੂੰ ਗੁਰਮੀਤ ਕੌਰ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਸ਼ੀਲਾ ਦੇਵੀ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਕਿਰਨਜੀਤ ਕੌਰ ਮਲੋਟ, ਜਸਵਿੰਦਰ ਕੌਰ ਗਿੱਦੜਬਾਹਾ, ਰਵਿੰਦਰ ਕੌਰ ਕੋਟਕਪੂਰਾ, ਸ਼ੀਲਾ ਦੇਵੀ ਫਾਜ਼ਿਲਕਾ, ਕੁਲਜੀਤ ਕੌਰ ਗੁਰੂਹਰਸਾਹਏ, ਪ੍ਰਕਾਸ਼ ਕੌਰ ਮਮਦੋਟ, ਮਨਜੀਤ ਕੌਰ ਫਿਰੋਜ਼ਪੁਰ, ਗੁਰਵੰਤ ਕੌਰ ਅਬੋਹਰ, ਇੰਦਰਜੀਤ ਕੌਰ ਖੂਹੀਆ ਸਰਵਰ ਤੋਂ ਇਲਾਵਾ ਹੋਰ ਵੀ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।