- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁੱਕ ਮਿਕਸ ਪਲਾਂਟ ਦੇ ਵਿਰੋਧ ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਧਰਨਾ ਦੇ ਕੇ ਕੀਤੀ ਆਵਾਜਾਈ ਠੱਪ

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਪਿੰਡ ਮਧੀਰ ਵਿਖੇ ਲੱਗ ਰਹੇ ਲੁੱਕ ਪਲਾਂਟ ਦੇ ਵਿਰੋਧ ’ਚ ਪਿੰਡ ਵਾਸੀਆਂ ਨੇ ਅੱਜ ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਇੱਥੇ ਵਰਨਣਯੋਗ ਹੈ ਕਿ ਪਿੰਡ ਮਧੀਰ ਵਾਸੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਇਸ ਲੁੱਕ ਮਿਕਸ ਪਲਾਂਟ ਦਾ ਵਿਰੋਧ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਦੇ ਵਿਰੋਧ ਦੇ ਚੱਲਦੇ ਇਸ ਪਲਾਂਟ ਦਾ ਕੰਮ ਕਈ ਵਾਰ ਰੋਕਿਆ ਗਿਆ ਪਰ ਬਾਵਜੂਦ ਇਸਦੇ ਇਸ ਪਲਾਂਟ ਦੇ ਮਾਲਕ ਪਲਾਂਟ ਇਸੇ ਜਗ੍ਹਾ ’ਤੇ ਲਾਉਣ ਲਈ ਬਜ਼ਿਦ ਹਨ, ਜਦਕਿ ਪਿੰਡ ਵਾਸੀ ਇਸ ਲੁੱਕ ਪਲਾਂਟ ਨੂੰ ਪਿੰਡ ਦੀ ਆਬਾਦੀ ਦੇ ਨਜ਼ਦੀਕ ਨਾ ਲੱਗਣ ਦੇਣ ਲਈ ਬਾਜਿਦ ਹਨ। ਅੱਜ ਪਿੰਡ ਵਾਸੀਆਂ ਨੇ ਪਲਾਂਟ ਦੇ ਵਿਰੋਧ ’ਚ ਵੱਡਾ ਇਕੱਠ ਕਰਦੇ ਹੋਏ ਸੜਕੀ ਆਵਾਜਾਈ ਠੱਪ ਕਰ ਦਿੱਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਕਾਂਗਰਸੀ ਆਗੂ ਅਨੇਕ ਸਿੰਘ ਬਰਾੜ, ਆਪ ਆਗੂ ਨਵੀ ਬਰਾੜ, ਪਿੰਡ ਦੇ ਸਰਪੰਚ ਜਗਦੀਪ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਪਿੰਡ ਦੀ ਆਬਾਦੀ ਨੇੜੇ ਲੱਗਣ ਵਾਲਾ ਇਹ ਪਲਾਂਟ ਪਿੰਡ ਵਾਸੀਆਂ ਲਈ ਘਾਤਕ ਸਿੱਧ ਹੋਵੇਗਾ। ਇਸ ਲੁੱਕ ਪਲਾਂਟ ’ਚੋਂ ਨਿਕਲਣ ਵਾਲ਼ੇ ਧੂਏਂ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਹ ਲੈਣ ’ਚ ਵੱਡੀ ਸਮੱਸਿਆ ਪੈਦਾ ਹੋਵੇਗੀ ਅਤੇ ਇਸ ਨਾਲ ਹਵਾ, ਪਾਣੀ ਦੂਸ਼ਿਤ ਹੋਣਗੇ। ਉਕਤ ਆਗੂਆਂ ਨੇ ਕਿਹਾ ਕਿ ਲੁੱਕ ਪਲਾਂਟ ਮਾਲਕਾਂ ਨੂੰ ਵੀ ਪਿੰਡ ਵਾਸੀ ਇਸ ਪਲਾਂਟ ਨੂੰ ਆਬਾਦੀ ਤੋਂ ਦੂਰ ਲਗਾਉਣ ਦੀ ਅਪੀਲ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਉਨ੍ਹਾਂ ਨੂੰ ਵੱਡਾ ਇਕੱਠ ਕਰਕੇ ਆਵਾਜਾਈ ਠੱਪ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਧਰਨੇ ’ਚ ਪੁੱਜੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਹੱਥ ਖੜ੍ਹੇ ਕਰਕੇ ਅਹਿਦ ਲਿਆ ਕਿ ਉਹ ਕਿਸੇ ਵੀ ਕੀਮਤ ’ਤੇ ਪਿੰਡ ਦੀ ਆਬਾਦੀ ਨੇੜੇ ਲੁੱਕ ਮਿਕਸ ਪਲਾਂਟ ਨਹੀਂ ਲੱਗਣ ਦੇਣਗੇ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅੱਜ ਕੈਪਟਨ ਅਤੇ ਅਕਾਲੀ ਭਾਜਪਾ ਸਰਕਾਰ ਦੀ ਤਰਜ ’ਤੇ ਕਿਸਾਨਾਂ ਅਤੇ ਆਪਣਾ ਹੱਕ ਮੰਗਣ ਵਾਲੇ ਲੋਕਾਂ ਨੂੰ ਕੁੱਟਵਾ ਰਿਹਾ ਹੈ, ਫ਼ਿਰ ਇਸ ਸਰਕਾਰ ਪਾਸੋਂ ਆਪਣੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਮੌਕੇ ’ਤੇ ਪੁੱਜੇ ਗਿੱਦੜਬਾਹਾ ਦੇ ਤਹਿਸੀਲਦਾਰ ਜਤਿੰਦਰ ਪਾਲ ਸਿੰਘ ਵੱਲੋਂ ਧਰਨੇ ਵਾਲ਼ੀ ਜਗ੍ਹਾ ’ਤੇ ਪੁੱਜ ਕੇ ਪਿੰਡ ਵਾਸੀਆਂ ਪਾਸੋਂ ਮੰਗ ਪੱਤਰ ਲਿਆ। ਇਸ ਸੰਬੰਧੀ ਗੱਲ ਕਰਨ ਤੇ ਐਸਡੀਐਮ ਗਿੱਦੜਬਾਹਾ ਅਰਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖ ਕੇ ਭੇਜ ਦਿੱਤਾ ਜਾਵੇਗਾ ਅਤੇ ਪਿੰਡ ਵਾਸੀਆਂ ਦੇ ਇਤਰਾਜ਼ ਤੇ ਫ਼ਿਰ ਤੋਂ ਗੌਰ ਕਰਨ ਲਈ ਕਿਹਾ ਜਾਵੇਗਾ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇਗੀ।