ਪਾਵਰਕਾਮ ਸੀਐੱਚਬੀ ਲਾਈਨਮੈਨ ਠੇਕਾ ਮੁਲਾਜਮਾਂ ਵੱਲੋਂ 9 ਨੂੰ ਧਰਨੇ ਦਾ ਐਲਾਨ
ਪਾਵਰਕਾਮ ਸੀਐੱਚਬੀ ਲਾਈਨਮੈਨ ਠੇਕਾ ਮੁਲਾਜਮਾਂ ਵੱਲੋਂ 9 ਫਰਵਰੀ ਨੂੰ ਪਟਿਆਲਾ ਹੈੱਡ ਆਫਿਸ ਵਿਖੇ ਪਰਿਵਾਰਾਂ ਸਮੇਤ ਧਰਨੇ ਦਾ ਐਲਾਨ
Publish Date: Wed, 21 Jan 2026 03:59 PM (IST)
Updated Date: Wed, 21 Jan 2026 04:00 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਸੀਐੱਚਬੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਪੰਜਾਬ ਦੇ ਸਬ ਡਵੀਜ਼ਨ ਦੇ ਸਰਕਲ ਦੇ ਆਗੂ ਹਾਜ਼ਰ ਰਹੇ। ਇਸ ਮੌਕੇ ਸੂਬਾ ਪ੍ਰਧਾਨ ਅੰਗਰੇਜ ਸਿੰਘ, ਸੂਬਾ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਬੁੱਟਰ, ਸੂਬਾ ਜਰਨਲ ਸਕੱਤਰ ਰਾਕੇਸ਼ ਕੁਮਾਰ, ਸੂਬਾ ਕਨਵੀਨਰ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸੀਐੱਚਬੀ ਅਤੇ ਡਬਲਿਊ ਠੇਕਾ ਮੁਲਾਜਮ ਲੰਮੇ ਸਮੇਂ ਤੋਂ ਬਿਜਲੀ ਬੋਰਡ ਦੇ ਅਦਾਰੇ ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਕਾਮਿਆਂ ਤੋਂ ਘੱਟ ਤਨਖਾਹ ਤੇ ਵੱਧ ਕੰਮ ਵਿਭਾਗ ਵੱਲੋਂ ਲਿਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਬਿਜਲੀ ਬੋਰਡ ’ਚ ਡਿਊਟੀ ਦੌਰਾਨ ਸਬ ਤੋਂ ਵੱਧ ਇਨ੍ਹਾਂ ਠੇਕਾ ਮੁਲਾਜਮ ਦੀਆਂ ਮੌਤਾਂ ਹੋਈਆਂ ਹਨ, ਜਿਨ੍ਹਾਂ ਦੇ ਪਰਿਵਾਰ ਨੂੰ ਗੁਜਾਰੇ ਯੋਗ ਮੁਆਵਜਾ ਵੀ ਨਹੀਂ ਦਿੱਤਾ ਗਿਆ ਹੈ। ਇਸ ਲਈ ਜਥੇਬੰਦੀ ਵੱਲੋਂ ਵੀ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਲੋਕਾਂ ਦੇ ਜ਼ੋਰ ਸਦਕਾ ਪਟਿਆਲਾ ਮੈਨੇਜਮੈਂਟ ਵੱਲੋਂ 29 ਜੁਲਾਈ 2025 ਨੂੰ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ’ਚ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮ ਨੂੰ ਵਿਭਾਗ ’ਚ ਲੈਣ ਦਾ ਏਜੰਡਾ ਪਾਸ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਇਨ੍ਹਾਂ ਕਾਮਿਆਂ ਦਾ ਪੱਕਾ ਕਰਨ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦੀ ਪਹਿਲੀ ਮੰਗ ਸਾਰੇ ਠੇਕਾ ਮੁਲਾਜਮਾਂ ਨੂੰ ਸਿੱਧਾ ਵਿਭਾਗ ’ਚ ਸ਼ਾਮਿਲ ਕਰਨ ਦੀ ਹੈ ਤੇ ਦੂਸਰੀ ਮੰਗ ਲੇਬਰ ਐਕਟ 1948 ਦੇ ਅਧੀਨ 25 ਹਾਜ਼ਰ ਤੋਂ 30 ਹਾਜ਼ਰ ਤੱਕ ਕਰਨ ਦੀ ਹੈ। ਹਾਦਸਾ ਪੀੜ੍ਹਤ ਅਪੰਗ ਕਾਮਿਆਂ ਨੂੰ ਮੁਆਵਜਾ ਤੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਇਹ ਵੀ ਦਸਿਆ ਹੈ ਕਿ ਜੇਕਰ ਪਟਿਆਲਾ ਮੈਨੇਜਮੈਂਟ ਵੱਲੋਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 9 ਫਰਵਰੀ ਨੂੰ ਪਟਿਆਲਾ ਹੈਡ ਆਫਿਸ ਦੇ ਸਾਹਮਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ’ਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਪਟਿਆਲਾ ਮੈਨੇਜਮੈਂਟ ਦੀ ਹੋਵੇਗੀ।