- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਸਿਆਸੀ ਪਾਰਾ ਚੜ੍ਹਿਆ

-ਵਿਰੋਧੀਆਂ ਅਨੁਸਾਰ ‘ਸੱਤਾ ਦਾ ਲਾਲਚ’, ਅਕਾਲੀ ਭਾਜਪਾ ਆਗੂਆਂ ਨੇ ਗੱਠਜੋੜ ਨੂੰ ਕਿਹਾ ‘ਭਾਈਚਾਰਕ ਸਾਂਝ’ ਦਾ ਪ੍ਰਤੀਕ
ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀ ਸਿਆਸਤ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਹੋਏ ਗੱਠਜੋੜ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਜਿੱਥੇ ਇਕ ਪਾਸੇ ਅਕਾਲੀ ਤੇ ਭਾਜਪਾ ਆਗੂ ਇਸ ਗੱਠਜੋੜ ਨੂੰ ਪੰਜਾਬ ਦੀ ਖ਼ੁਸ਼ਹਾਲੀ ਤੇ ਹਿੰਦੂ-ਸਿੱਖ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਜ਼ਰੂਰੀ ਦੱਸ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੱਤਾਧਾਰੀ ‘ਆਪ’ ਤੇ ਹੋਰ ਵਿਰੋਧੀ ਧਿਰਾਂ ਨੇ ਇਸ ਨੂੰ ਸਿਰਫ਼ ਸੱਤਾ ਹਾਸਲ ਕਰਨ ਦੀ ਸਿਆਸੀ ਮਜਬੂਰੀ ਕਰਾਰ ਦਿੰਦਿਆਂ ਤਿੱਖੇ ਨਿਸ਼ਾਨੇ ਸਾਧੇ ਹਨ। ਗੱਠਜੋੜ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਵੱਖ ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਜੋ ਬਿਆਨ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ ਹਨ ਉਹ ਕੁਝ ਇਸ ਤਰ੍ਹਾਂ ਹਨ :-
-ਬਾਕਸ-
-ਕੁਰਸੀ ਬਚਾਉਣ ਤੇ ਸੱਤਾ ਦੇ ਲਾਲਚ ਲਈ ਹੋਇਆ ਗੱਠਜੋੜ : ਕਾਕਾ ਬਰਾੜ
ਇਸ ਗੱਠਜੋੜ ’ਤੇ ਪ੍ਰਤੀਕਿਰਿਆ ਦਿੰਦਿਆਂ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ‘ਆਪ’ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਇਹ ਗੱਠਜੋੜ ਸਿਰਫ਼ ਆਪਣੀ ਸਿਆਸੀ ਹੋਂਦ ਅਤੇ ਕੁਰਸੀ ਬਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਪੁਰਾਣੇ ਮੁੱਦਿਆਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਸੂਬੇ ’ਚ ਨਸ਼ਿਆਂ ਦਾ ਪਸਾਰ ਹੋਇਆ ਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਕਿਸਾਨੀ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਦੀ ਅਸਲੀਅਤ ਤੋਂ ਭਲੀ-ਭਾਂਤ ਜਾਣੂ ਹਨ ਤੇ ਆਉਣ ਵਾਲੀਆਂ ਚੋਣਾਂ ’ਚ ਮੁੜ ‘ਆਪ’ ਦੀ ਸਰਕਾਰ ਬਣੇਗੀ।
-ਬਾਕਸ-
-ਗੱਠਜੋੜ ਸਿਆਸੀ ਮਜਬੂਰੀ ਸੱਤਾ ਦੇ ਲਾਲਚ ਵੱਸ ਕੀਤਾ ਸਮਝੌਤਾ : ਜਸ਼ਨ ਚਹਿਲ
ਬੁਲਾਰਾ ਪੰਜਾਬ ਕਾਂਗਰਸ ਭਾਈ ਜਸ਼ਨ ਚਹਿਲ ਨੇ ਇਸ ਗੱਠਜੋੜ ਨੂੰ ਸਿਆਸੀ ਮਜਬੂਰੀ ਦੱਸਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਹੁਣ ਤੱਕ ਇੱਕ-ਦੂਜੇ ਨੂੰ ਭੰਡਦੀਆਂ ਆਈਆਂ ਹਨ, ਉਹ ਅੱਜ ਬਿਨਾਂ ਕਿਸੇ ਮੁੱਦੇ ਦੇ ਹੱਲ ਹੋਏ ਮੁੜ ਇਕੱਠੀਆਂ ਹੋ ਗਈਆਂ ਹਨ। ਨਾ ਤਾਂ ਕਿਸਾਨੀ ਅੰਦੋਲਨ ਦੇ ਮਸਲੇ ਹੱਲ ਹੋਏ ਹਨ ਤੇ ਨਾ ਹੀ ਐੱਮਐੱਸਪੀ ਦੀ ਗਾਰੰਟੀ ਮਿਲੀ ਹੈ, ਜਿਨ੍ਹਾਂ ਕਾਰਨਾਂ ਕਰਕੇ ਇਹ ਪਾਰਟੀਆਂ ਵੱਖ ਹੋਈਆਂ ਸਨ। ਉਨ੍ਹਾਂ ਮੁਤਾਬਕ ਸੂਬੇ ’ਚ ਆਪਣੀ ਸਾਖ਼ ਨਾ ਬਣਾ ਸਕਣ ਕਾਰਨ ਦੋਵਾਂ ਪਾਰਟੀਆਂ ਨੇ ਸੱਤਾ ਦੇ ਲਾਲਚ ਵੱਸ ਇਹ ਸਮਝੌਤਾ ਕੀਤਾ ਹੈ।
-ਬਾਕਸ-
-ਗੱਠਜੋੜ ਹਿੰਦੂ-ਸਿੱਖ ਭਾਈਚਾਰਕ ਸਾਂਝ ਦਾ ਪ੍ਰਤੀਕ : ਹਨੀ ਫੱਤਣਵਾਲਾ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਗੱਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਿਰਫ਼ ਦੋ ਸਿਆਸੀ ਪਾਰਟੀਆਂ ਨਹੀਂ, ਸਗੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਈ ਗਈ ਹਿੰਦੂ-ਸਿੱਖ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ, ਜਿਸ ਨੂੰ ਮੌਜੂਦਾ ਲੀਡਰਸ਼ਿਪ ਨੇ ਬਰਕਰਾਰ ਰੱਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ਵਿੱਚ ਪੱਛੜ ਚੁੱਕੇ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਲਈ ‘ਡਬਲ ਇੰਜਣ’ ਦੀ ਸਰਕਾਰ ਹੀ ਵਿਕਾਸ ਕਾਰਜ ਕਰ ਸਕਦੀ ਹੈ ਅਤੇ ਲੋਕ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ।
-ਬਾਕਸ-
-ਗੱਠਜੋੜ ਪੰਜਾਬ ਦੀ ਖੁਸ਼ਹਾਲੀ, ਸੂਬੇ ਦੀ ਜਵਾਨੀ, ਕਿਸਾਨੀ ਅਤੇ ਭਾਈਚਾਰਕ ਸਾਂਝ ਦੀ ਬਹਾਲੀ ਲਈ ਅਹਿਮ : ਪੁਸ਼ਪਿੰਦਰ ਭੰਡਾਰੀ
ਭਾਜਪਾ ਪੰਜਾਬ ਦੇ ਕਾਰਜਕਾਰਨੀ ਮੈਂਬਰ ਪੁਸ਼ਪਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਗੱਠਜੋੜ ਪੰਜਾਬ ਦੀ ਖੁਸ਼ਹਾਲੀ, ਸੂਬੇ ਦੀ ਜਵਾਨੀ, ਕਿਸਾਨੀ ਅਤੇ ਭਾਈਚਾਰਕ ਸਾਂਝ ਦੀ ਬਹਾਲੀ ਲਈ ਬਹੁਤ ਅਹਿਮ ਤੇ ਜਰੂਰੀ ਸੀ। ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਿ ਸੂਬੇ ਦੀ ਤਰੱਕੀ ਲਈ ਇਹ ਗੱਠਜੋੜ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਈਚਾਰਕ ਸਾਂਝ ਕਾਇਮ ਰਹਿ ਸਕੇ ਤੇ ਪੰਜਾਬ ਮੁੜ ਤੋਂ ਬਹਾਲ ਹੋ ਸਕੇ। ਦੋਵਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਭਵਿੱਖੀ ਚੋਣਾਂ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਹਾਈਕਮਾਂਡ ਵੱਲੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ, ਉਹ ਸਭ ਨੂੰ ਸਿਰ-ਮੱਥੇ ਪ੍ਰਵਾਨ ਹੋਵੇਗਾ।