- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਵੱਲੋਂ ਲਾਪਤਾ ਹੋਏ 05 ਮਾਸੂਮ ਬੱਚੇ ਕੁਝ ਹੀ ਸਮੇਂ ’ਚ ਲੱਭ ਕੇ ਕੀਤੇ ਮਾਪਿਆਂ ਦੇ ਹਵਾਲੇ

ਪੰਜਾਬੀ ਜਾਗਰਣ, ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲਾਪਤਾ ਹੋਏ 5 ਮਾਸੂਮ ਬੱਚਿਆਂ ਨੂੰ ਸੁਰੱਖਿਅਤ ਲੱਭ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਪਰਿਵਾਰਾਂ ਵੱਲੋਂ ਦਰਖਾਸਤ ਦਿੱਤੀ ਗਈ ਕਿ ਉਨ੍ਹਾਂ ਦੇ ਤਕਰੀਬਨ 05 ਬੱਚੇ, ਜਿਨ੍ਹਾਂ ’ਚ 4 ਲੜਕੀਆਂ ਤੇ 1 ਲੜਕਾ ਸ਼ਾਮਲ ਹਨ ਅਤੇ ਜਿਨ੍ਹਾਂ ਦੀ ਉਮਰ ਕਰੀਬ 3 ਸਾਲ, 5 ਸਾਲ, 7 ਸਾਲ, 8 ਸਾਲ ਤੇ 10 ਸਾਲ ਹੈ, ਘਰ ਤੋਂ ਬਾਹਰ ਜਾਣ ਉਪਰੰਤ ਕਾਫ਼ੀ ਭਾਲ ਕਰਨ ਦੇ ਬਾਵਜੂਦ ਨਹੀਂ ਮਿਲ ਰਹੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਦਰਖਾਸਤ ’ਤੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਸੀਨੀਅਰ ਅਫ਼ਸਰਾਂ ਦੇ ਧਿਆਨ ’ਚ ਲਿਆਂਦਾ ਗਿਆ ਅਤੇ ਬੱਚਿਆਂ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਪੰਜੇ ਬੱਚਿਆਂ ਨੂੰ ਸ਼ਹਿਰ ਦੇ ਹੀ ਇੱਕ ਇਲਾਕੇ ’ਚੋਂ ਸੁਰੱਖਿਅਤ ਲੱਭ ਲਿਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਹਿਰ ਅੰਦਰ ਦੂਰ ਕਿਧਰੇ ਸਾਰੇ ਬੱਚੇ ਇਕੱਠੇ ਹੋ ਕੇ ਸਤਿਸੰਗ ’ਚ ਪਹੁੰਚ ਗਏ ਸਨ। ਪੁਲਿਸ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਬੱਚਿਆਂ ਦੇ ਨਾਬਾਲਗ ਹੋਣ ਕਾਰਨ ਉਨ੍ਹਾਂ ਦੀ ਪਹਿਚਾਣ ਅਤੇ ਮਾਪਿਆਂ ਸਬੰਧੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ। ਬੱਚਿਆਂ ਦੇ ਸੁਰੱਖਿਅਤ ਮਿਲਣ ’ਤੇ ਮਾਪਿਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਦਾ ਧੰਨਵਾਦ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਹਮੇਸ਼ਾ ਸੁਚੇਤ ਰਹਿਣ। ਜੇਕਰ ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣਾ ਹੋਵੇ ਤਾਂ ਬੱਚਿਆਂ ਨੂੰ ਕਿਸੇ ਜ਼ਿੰਮੇਵਾਰ ਵੱਡੇ ਵਿਅਕਤੀ ਦੀ ਨਿਗਰਾਨੀ ਹੇਠ ਛੱਡ ਕੇ ਹੀ ਜਾਣ ਅਤੇ ਬੱਚਿਆਂ ਨੂੰ ਇਕੱਲੇ ਨਾ ਛੱਡਿਆ ਜਾਵੇ।