ਮੁਕਤਸਰ ਪੁਲਿਸ ਨੇ ਜੇਲ੍ਹ ਅੰਦਰ ਅਚਨਚੇਤ ਵਿੱਢੀ ਤਲਾਸ਼ੀ ਮੁਹਿੰਮ ਪੁਲਿਸ ਵੱਲੋਂ ਜੇਲ੍ਹ ਅੰਦਰ ਅਚਨਚੇਤ ਸਰਚ ਅਭਿਆਨ
Publish Date: Fri, 18 Sep 2026 03:35 PM (IST)
Updated Date: Fri, 18 Sep 2026 03:38 PM (IST)
ਪੰਜਾਬੀ ਜਾਗਰਣ ਰਿਪੋਰਟਰ. ਸ੍ਰੀ ਮੁਕਤਸਰ ਸਾਹਿਬ : ਗੈਂਗਸਟਰਾਂ ਤੇ ਵਾਰ ਤੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਐਸਐਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਅਪਰਾਧਿਕ ਨੈੱਟਵਰਕਾਂ ਨੂੰ ਜੜ੍ਹੋਂ ਖਤਮ ਕਰਨ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਅੰਦਰ ਵਿਸ਼ੇਸ਼ ਅਚਨਚੇਤ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦਾ ਮੁੱਖ ਉਦੇਸ਼ ਜੇਲ੍ਹ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣਾ, ਗੈਰ-ਕਾਨੂੰਨੀ ਗਤੀਵਿਧੀਆਂ ਤੇ ਰੋਕ ਲਗਾਉਣਾ ਤੇ ਕਿਸੇ ਵੀ ਅਪਰਾਧਿਕ ਨੈੱਟਵਰਕ ਨੂੰ ਨਾਕਾਮ ਕਰਨਾ ਸੀ। ਇਹ ਸਰਚ ਅਭਿਆਨ ਜੇਲ੍ਹ ਸੁਪਰਡੈਂਟ ਕੁਲਵਿੰਦਰ ਸਿੰਘ, ਡਿਪਟੀ ਸੁਪਰਡੈਂਟ ਪੁਨੀਤ ਗਰਗ ਤੇ ਡੀਐਸਪੀ ਬਚਨ ਸਿੰਘ ਦੀ ਅਗਵਾਈ ਹੇਠ ਚਲਾਇਆ ਗਿਆ। ਇੰਸਪੈਕਟਰ ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਤੇ ਐਸਆਈ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋਂ 70 ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇਸ ਕਾਰਵਾਈ ’ਚ ਹਿੱਸਾ ਲਿਆ। ਸਰਚ ਦੌਰਾਨ ਜੇਲ੍ਹ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਤੇ ਹਰ ਗਤੀਵਿਧੀ ਤੇ ਕੜੀ ਨਿਗਰਾਨੀ ਰੱਖੀ ਗਈ। ਸਰਚ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ, ਵਾਰਡਾਂ ਤੇ ਸੰਵੇਦਨਸ਼ੀਲ ਸਥਾਨਾਂ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ। ਕੈਦੀਆਂ ਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਲੈ ਕੇ ਉਨ੍ਹਾਂ ਦੇ ਸਮਾਨ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਬਾਥਰੂਮਾਂ, ਸਟੋਰ ਰੂਮਾਂ, ਕੰਧਾਂ ਦੇ ਕੋਨਿਆਂ, ਛੱਤਾਂ ਤੇ ਹੋਰ ਸੰਭਾਵਿਤ ਸਥਾਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਗਈ। ਜੇਲ੍ਹ ਦੇ ਅੰਦਰੂਨੀ ਅਤੇ ਬਾਹਰੀ ਆਵਾਜਾਈ ਮਾਰਗਾਂ ’ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਦਿਆਂ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਇਸ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕਰਕੇ ਸੰਭਾਵਿਤ ਗੈਰ-ਕਾਨੂੰਨੀ ਗਤੀਵਿਧੀਆਂ ਸਬੰਧੀ ਲੋੜੀਂਦੀ ਜਾਣਕਾਰੀ ਵੀ ਇਕੱਤਰ ਕੀਤੀ ਗਈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਲ੍ਹ ਅੰਦਰ ਬੰਦ ਗੈਂਗਸਟਰਾਂ, ਨਸ਼ਾ ਤਸਕਰਾਂ ਜਾਂ ਹੋਰ ਅਪਰਾਧਿਕ ਤੱਤਾਂ ਵੱਲੋਂ ਬਾਹਰੀ ਸੰਪਰਕ ਬਣਾਉਣ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਚਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਸਐਸਪੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਜਨਤਕ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਜੇਲ੍ਹ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਯੋਜਨਾ ਜਾਂ ਨੈੱਟਵਰਕ ਚਲਾਉਣ ਦੀ ਕੋਸ਼ਿਸ਼ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।