- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਰੇਲਵੇ ਸਟੇਸ਼ਨਾਂ ਦੀ ਸਪੈਸ਼ਲ ਚੈਕਿੰਗ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ‘ਗੈਂਗਸਟਰਾਂ ਤੇ ਵਾਰ’ ਤਹਿਤ ਜ਼ਿਲ੍ਹੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਸਐਸਪੀ ਅਭਿਮੰਨਿਊ ਰਾਣਾ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੱਕ ਵਿਸਥਾਰਪੂਰਕ ਚੈਕਿੰਗ ਮੁਹਿੰਮ ਚਲਾਈ ਗਈ। ਚੈਕਿੰਗ ਦੌਰਾਨ ਜ਼ਿਲ੍ਹਾ ਅੰਦਰ ਵੱਖ-ਵੱਖ ਥਾਵਾਂ ਤੇ ਨਾਕਿਆਂ ਤੋਂ ਇਲਾਵਾ, ਰੇਲਵੇ ਸਟੇਸ਼ਨ ਤੇ ਜਾਂਚ ਕੀਤੀ ਗਈ। ਰੇਲਵੇ ਸਟੇਸ਼ਨ ’ਤੇ ਚੈਕਿੰਗ-ਪੈਸੈਂਜਰ ਬੈਗਾਂ ਦੀ ਸਕੈਨਿੰਗ, ਰਿਕਾਰਡ ਜਾਂਚ ਕੀਤੀ ਗਈ, ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ ਅਤੇ ਸਵਾਰੀਆਂ ਦੇ ਬੈਗਾਂ ਦੀ ਜਾਂਚ ਕੀਤੀ। ਜੀਆਰਪੀ ਪੁਲਿਸ ਟੀਮ ਦੇ ਨਾਲ ਮਿਲ ਕੇ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪਛਾਣ ਪੁਸ਼ਟੀ ਕੀਤੀ ਗਈ। ਕਈ ਵਿਅਕਤੀਆਂ ਦੇ ਰਿਕਾਰਡ ਪੈਸ ਐਪ ਰਾਹੀਂ ਤੁਰੰਤ ਵੇਰੀਫਾਈ ਕੀਤੇ ਗਏ ਤਾਂ ਜੋ ਉਨ੍ਹਾਂ ਦੇ ਕਿਸੇ ਕ੍ਰਿਮੀਨਲ ਰਿਕਾਰਡ ਨੂੰ ਜਾਂਚਿਆ ਜਾ ਸਕੇ। ਪੁਲਿਸ ਵੱਲੋਂ ਸੁਰੱਖਿਆ ਯਕੀਨੀ ਬਣਾਉਣ ਲਈ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਰੇਲਵੇ ਸਟੇਸ਼ਨ ਦੇ ਨਜ਼ਦੀਕ ਲੰਬੇ ਸਮੇਂ ਤੋਂ ਲਿਵਾਰਸ ਅਵਸਥਾ ’ਚ ਖੜ੍ਹੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ‘ਵਾਹਨ ਐਪ’ ਦੀ ਮਦਦ ਨਾਲ ਵਾਹਨਾਂ ਨੂੰ ਵੈਰੀਫਾਈ ਕੀਤਾ ਤੇ ਉਨ੍ਹਾਂ ਦੇ ਪੁਲਿਸ ਰਿਕਾਰਡ ਨੂੰ ਵੀ ਵੇਰੀਫਾਈ ਕੀਤਾ ਗਿਆ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਵਿੱਚੋਂ ਕੋਈ ਵਾਹਨ ਕਿਸੇ ਨਾਜਾਇਜ਼ ਗਤੀਵਿਧੀ ਜਾਂ ਪੈਂਡਿੰਗ ਕੇਸ ’ਚ ਲੋੜੀਂਦਾ ਤਾਂ ਨਹੀਂ ਹੈ। ਨਾਲ ਹੀ ਰੇਲ ਗੱਡੀ ’ਚ ਸਵਾਰ ਹੋਣ ਵਾਲੇ ਯਾਤਰੀਆਂ ਨੂੰ ਚੈੱਕ ਕੀਤਾ ਗਿਆ। ਇਹ ਸਰਚ ਆਪਰੇਸ਼ਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਚਾਰੇ ਸਬ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਲੰਬੀ ਅਤੇ ਮਲੋਟ ਵਿਖੇ ਚਲਾਇਆ ਗਿਆ। ਇਸ ਮੌਕੇ ਬਚਨ ਸਿੰਘ ਡੀਐਸਪੀ (ਸ੍ਰੀ ਮੁਕਤਸਰ ਸਾਹਿਬ), ਅਰੁਣ ਮੁੰਡਨ ਡੀਐਸਪੀ (ਗਿੱਦੜਬਾਹਾ) ਹਰਬੰਸ ਸਿੰਘ ਡੀਐਸਪੀ (ਲੰਬੀ) ਨਵੀਨਪਾਲ ਸਿੰਘ ਡੀਐਸਪੀ (ਮਲੋਟ) ਵੱਲੋਂ ਅਲੱਗ ਅਲੱਗ ਪੁਲਸ ਟੀਮਾਂ ਮੌਜੂਦ ਰਹੀਆਂ। ਜਿੱਥੇ ਵੀ ਪੁਲਿਸ ਨੂੰ ਕੋਈ ਵਾਹਨ ਜਾਂ ਵਿਅਕਤੀ ਸ਼ੱਕੀ ਲੱਗਾ, ਉੱਥੇ ਉਨ੍ਹਾਂ ਦੇ ਵਾਹਨ ਦੇ ਕਾਗਜ਼, ਡਰਾਇਵਿੰਗ ਲਾਇਸੈਂਸ, ਨੰਬਰ ਪਲੇਟ ਜਾਂ ਵਾਧੂ ਐਕਸੈਸਰੀਜ਼ ਜਾਂਚੀਆਂ ਗਈਆਂ। ਬਿਨਾਂ ਨੰਬਰ, ਡਿੰਮ ਲਾਈਟ, ਮੋਡੀਫਾਈਡ ਸਿਲੈਂਸਰ ਜਾਂ ਹੋਰ ਟਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕ ਕੇ ਉਨ੍ਹਾਂ ਉੱਤੇ ਕਾਰਵਾਈ ਕੀਤੀ ਗਈ। ਉੱਥੇ ਹੀ ਪੈਸ ਐਪ ਦੀ ਵਰਤੋਂ ਕਰਕੇ ਜਿਨ੍ਹਾਂ ਵਿਅਕਤੀਆਂ ਤੇ ਸ਼ੱਕ ਹੋਇਆ, ਉਨ੍ਹਾਂ ਦਾ ਰਿਕਾਰਡ ਕ੍ਰਿਮੀਨਲ ਡਾਟਾਬੇਸ ਚੈੱਕ ਕੀਤਾ ਗਿਆ। ਐਸਐਸਪੀ ਅਭਿਮੰਨਿਊ ਰਾਣਾ ਨੇ ਇਸ ਮੁਹਿੰਮ ਬਾਰੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਮੁਹਿੰਮ ਹੇਠ ਗੈਂਗਸਟਰਾਂ ਤੇ ਵਾਰ ਮਹਿਮ ਨੂੰ ਮੁੱਖ ਰੱਖਦਿਆਂ ਨਿਰੰਤਰ ਚੈਕਿੰਗ ਹੋ ਰਹੀ ਹੈ, ਜਿਸਦਾ ਉਦੇਸ਼ ਜਨਤਾ ’ਚ ਭਰੋਸਾ ਪੈਦਾ ਕਰਨਾ ਹੈ। ਕਿਸੇ ਵੀ ਸ਼ੱਕੀ ਜਾਂ ਗਲਤ ਤੱਤ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਤੁਸੀਂ ਆਪਣੇ ਇਲਾਕੇ ’ਚ ਕਿਸੇ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨੂੰ ਦੇਖਦੇ ਹੋ, ਤਾਂ ਬੇਝਿਜਕ ਪੁਲਿਸ ਨਾਲ ਸੰਪਰਕ ਕਰੋ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।