ਖਿਡਾਰਨ ਸੱਚਦੇਵਾ ਦੀ 'ਪੇਸਾਪਾਲੋ ਵਰਲਡ ਕੱਪ' ਲਈ ਭਾਰਤੀ ਟੀਮ ’ਚ ਚੋਣ ਖਿਡਾਰਨ ਰਾਜਰਾਣੀ ਸੱਚਦੇਵਾ ਦੀ 'ਪੇਸਾਪਾਲੋ ਵਰਲਡ ਕੱਪ' 'ਚ ਖੇਡਣ ਲਈ ਭਾਰਤੀ ਟੀਮ ’ਚ ਚੋਣ
Publish Date: Sat, 26 Sep 2026 06:29 PM (IST)
Updated Date: Sat, 26 Sep 2026 06:30 PM (IST)
ਦਵਿੰਦਰ ਬਾਘਲਾ. ਪੰਜਾਬੀ ਜਾਗਰਣ ਦੋਦਾ : 2 ਤੋਂ 5 ਅਕਤੂਬਰ 2026 ਤੱਕ ਸਿਡਨੀ (ਆਸਟ੍ਰੇਲੀਆ) ਵਿਖੇ ਕਰਵਾਏ ਜਾ ਰਹੇ 12ਵੇਂ ਪੇਸਾਪਾਲੋ ਵਰਲਡ ਕੱਪ ਚ ਖੇਡਣ ਲਈ ਭਾਰਤੀ ਟੀਮ ’ਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੀ ਖਿਡਾਰਨ ਰਾਜਰਾਣੀ ਸੱਚਦੇਵਾ ਦੀ ਚੋਣ ਹੋਣ ਨਾਲ ਜਿੱਥੇ ਪਿੰਡ ਦੋਦਾ ’ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਰਾਣੀ ਸੱਚਦੇਵਾ ਨੇ ਦੱਸਿਆ ਕਿ ਭਾਰਤੀ ਟੀਮ 30 ਸਤੰਬਰ ਨੂੰ ਆਸਟ੍ਰੇਲੀਆ ਲਈ ਰਵਾਨਾ ਹੋਵੇਗੀ। ਰਾਜਰਾਣੀ ਇਕ ਵਧੀਆ ਖਿਡਾਰਨ ਹੋਣ ਦੇ ਨਾਲ ਨਾਲ ਯੋਗਾ ਟੀਚਰ ਵੀ ਹੈ। ਇਸ ਤੋਂ ਪਹਿਲਾਂ ਵੀ ਰਾਜਰਾਣੀ ਦੱਖਣੀ ਕੋਰੀਆ ਵਿਖੇ ਮਹਿਲਾ ਬੇਸਬਾਲ ਵਰਲਡ ਕੱਪ ਤੇ ਹਾਂਗਕਾਂਗ ’ਚ ਮਹਿਲਾ ਬੇਸਬਾਲ ਏਸ਼ੀਆ ਕੱਪ ’ਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਤੇ ਪਿੰਡ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਰਾਜਰਾਣੀ ਸੱਚਦੇਵਾ ਦੇ ਖੇਡ ਪ੍ਰਤੀ ਪਿਆਰ, ਮਿਹਨਤ, ਲਗਨ ਤੇ ਸੰਘਰਸ਼ ਨੇ ਉਸਨੂੰ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਵੀ ਦਿਵਾਇਆ। ਰਾਜਰਾਣੀ ਨੇ ਦੁੱਖੀ ਮਨ ਨਾਲ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਉਸ ਨੂੰ ਕਿਸੇ ਵੀ ਸਰਕਾਰੀ ਵਿਭਾਗ ਜਾਂ ਸਰਕਾਰੀ ਸੰਸਥਾ ਵੱਲੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ। ਵਿਦੇਸ਼ ਯਾਤਰਾ, ਵੀਜ਼ਾ, ਟਿਕਟਾਂ, ਰਹਿਣ-ਸਹਿਣ ਤੇ ਹੋਰ ਖਰਚੇ ਖਿਡਾਰਨ ਨੂੰ ਆਪਣੇ ਪੱਧਰ ’ਤੇ ਹੀ ਕਰਨੇ ਪੈ ਰਹੇ ਹਨ। ਪਰਿਵਾਰ ਤੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ, ਖੇਡ ਵਿਭਾਗ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਖਿਡਾਰੀਆਂ ਨੂੰ ਬਣਦੀ ਮਦਦ ਦਿੱਤੀ ਜਾਵੇ ਤਾਂ ਜੋ ਉਹ ਬਿਨਾਂ ਆਰਥਿਕ ਦਬਾਅ ਦੇ ਦੇਸ਼ ਲਈ ਵਧੀਆ ਪ੍ਰਦਰਸ਼ਨ ਕਰ ਸਕਣ। ਪਿੰਡ ਦੋਦਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕਾਂ ’ਚ ਰਾਜ ਰਾਣੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਤੇ ਲੋਕਾਂ ਨੂੰ ਉਮੀਦ ਹੈ ਕਿ ਉਹ ਆਸਟ੍ਰੇਲੀਆ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਭਾਰਤ ਦਾ ਨਾਮ ਹੋਰ ਉੱਚਾ ਕਰੇਗੀ।