ਜਲਘਰ ਦੀ ਡਿੱਗੀ ਦੀ ਹੋਈ ਮੁਕੰਮਲ ਸਫਾਈ, ਮੁਰੰਮਤ ਦੀ ਮੰਗ ਜਲਘਰ ਦੀ ਡਿੱਗੀ ਦੀ ਹੋਈ ਮੁਕੰਮਲ ਸਫਾਈ ਤੋਂ ਲੋਕ ਖੁਸ਼, ਮੁਰੰਮਤ ਦੀ ਮੰਗ
Publish Date: Sat, 24 Oct 2026 06:25 PM (IST)
Updated Date: Sat, 24 Oct 2026 06:28 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਜਲ ਘਰ ਦੀਆਂ ਤਿੰਨ ਵੱਡੀਆਂ ਡਿੱਗੀਆਂ ਵਿੱਚੋਂ ਇੱਕ ਡਿੱਗੀ ਦੀ ਵੱਡੇ ਪੱਧਰ ’ਤੇ ਸਫ਼ਾਈ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਇਸ ਸਫ਼ਾਈ ਦੌਰਾਨ ਡਿੱਗੀ ਦੇ ਤਲ ’ਤੇ ਜੰਮੀ ਮਿੱਟੀ, ਗਾਰ ਅਤੇ ਕੰਢਿਆਂ ’ਤੇ ਉੱਗੇ ਜੰਗਲੀ ਝਾੜ-ਬੂਟਿਆਂ ’ਤੇ ਦਰੱਖਤਾਂ ਨੂੰ ਪੂਰੀ ਤਰ੍ਹਾਂ ਹਟਾ ਕੇ ਜ਼ਮੀਨ ਪੱਧਰੀ ’ਤੇ ਸਾਫ਼ ਕਰ ਦਿੱਤੀ ਗਈ ਹੈ। ਸਥਾਨਕ ਨਾਗਰਿਕਾਂ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਖੁਸ਼ੀ ਜ਼ਾਹਰ ਕੀਤੀ ਅਤੇ ਜਨ ਸਿਹਤ ਵਿਭਾਗ ਵੱਲੋਂ ਕੀਤੇ ਗਏ ਇਸ ਕਾਰਜ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਪ੍ਰਸ਼ਾਸਨਿਕ ਜ਼ਿੰਮੇਵਾਰੀ ਦਾ ਹਿੱਸਾ ਹੈ, ਪਰ ਸਮੇਂ ਸਿਰ ਅਜਿਹੇ ਲੋਕ-ਭਲਾਈ ਕੰਮ ਨੇਪਰੇ ਚਾੜ੍ਹਨਾ ਬਹੁਤ ਹੀ ਪ੍ਰਸ਼ੰਸਾਯੋਗ ਕਦਮ ਹੈ। ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਕੁਝ ਜ਼ਰੂਰੀ ਕਮੀਆਂ ਲਿਆਉਂਦਿਆਂ ਮੰਗ ਕੀਤੀ ਹੈ ਕਿ ਨਵੀਂ ਸਪਲਾਈ ਦਾ ਪਾਣੀ ਛੱਡਣ ਤੋਂ ਪਹਿਲਾਂ ਡਿੱਗੀਆਂ ਦੇ ਕਿਨਾਰਿਆਂ ਅਤੇ ਮੋਘੇ ਲਾਗੇ ਟੁੱਟੇ ਫਰਸ਼ ਦੀ ਮੁਰੰਮਤ ਕੀਤੀ ਜਾਵੇ। ਡਿੱਗੀ ਦੇ ਕਈ ਪਾਸਿਆਂ ਤੋਂ ਕੰਧਾਂ ਦੀਆਂ ਇੱਟਾਂ ਖਿੱਲਰੀਆਂ ਹੋਈਆਂ ਹਨ ਅਤੇ ਖਾਸ ਕਰਕੇ ਪਾਣੀ ਦੇ ਮੋਘੇ ਦੇ ਆਲੇ-ਦੁਆਲੇ ਦੀ ਚਿਣਾਈ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇੱਟਾਂ ਟੁੱਟੀਆਂ ਹੋਣ ਕਰਕੇ ਇਨ੍ਹਾਂ ਵਿੱਚ ਝਾੜ-ਫੂਸ ਤੇ ਦਰਖਤ ਉਗ ਆਉਂਦੇ ਹਨ ਜਿਸ ਕਰਕੇ ਪਾਣੀ ਵੀ ਦੂਸ਼ਿਤ ਹੁੰਦਾ ਹੈ ਅਤੇ ਕਿਨਾਰਿਆਂ ਦੀ ਟੁੱਟ ਭੱਜ ਵੀ ਹੁੰਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਹੁਣ ਜਦੋਂ ਡਿੱਗੀ ਸੁੱਕੀ ਹੋਈ ਹੈ, ਤਾਂ ਸੀਮਿੰਟ ਲਗਾ ਕੇ ਇਨ੍ਹਾਂ ਕੰਧਾਂ ਅਤੇ ਫ਼ਰਸ਼ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ। ਅਜਿਹਾ ਕਰਨ ਨਾਲ ਅਗਲੇ ਇੱਕ ਸਾਲ ਤੱਕ ਡਿੱਗੀ ਮਜ਼ਬੂਤ ਰਹੇਗੀ ਅਤੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਹੇਗਾ। ਸਫ਼ਾਈ ਦੌਰਾਨ ਡਿੱਗੀ ਵਿੱਚੋਂ ਕੱਢੀ ਗਈ ਮਿੱਟੀ, ਘਾਹ-ਫੂਸ ਅਤੇ ਕੂੜੇ ਦੇ ਢੇਰ ਜਲ ਘਰ ਦੇ ਅੰਦਰੂਨੀ ਪੱਕੇ ਰਸਤੇ ਅਤੇ ਵਾੜ ਕਿਨਾਰੇ ਲਗਾਏ ਗਏ ਹਨ। ਬਰਸਾਤ ਜਾਂ ਹਵਾ ਕਾਰਨ ਇਹ ਮਿੱਟੀ ਦੁਬਾਰਾ ਖਿੱਲਰ ਕੇ ਰਸਤਾ ਖ਼ਰਾਬ ਕਰ ਸਕਦੀ ਹੈ। ਇਸ ਲਈ ਇਹਨਾਂ ਢੇਰਾਂ ਨੂੰ ਟਰਾਲੀ ਰਾਹੀਂ ਤੁਰੰਤ ਚੁਕਵਾ ਕੇ ਰਸਤੇ ਨੂੰ ਵੀ ਚਮਕਾਇਆ ਜਾਵੇ। ਜੇਕਰ ਇਹ ਨਿੱਕੇ-ਮੋਟੇ ਮੁਰੰਮਤ ਦੇ ਕੰਮ ਪਾਣੀ ਭਰਨ ਤੋਂ ਪਹਿਲਾਂ ਕਰ ਲਏ ਜਾਣ ਤਾਂ ਇਹ ‘ਸੋਨੇ ’ਤੇ ਸੁਹਾਗੇ’ ਵਾਲੀ ਗੱਲ ਹੋਵੇਗੀ, ਜਿਸ ਨਾਲ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ ਅਤੇ ਸਰਕਾਰੀ ਸੰਪਤੀ ਦੀ ਸਾਂਭ-ਸੰਭਾਲ ਵੀ ਸੁਚੱਜੇ ਢੰਗ ਨਾਲ ਹੋ ਸਕੇਗੀ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਐਸਡੀਓ ਜਗਮੋਹਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਉਣਗੇ ਅਤੇ ਮੁਰੰਮਤ ਕਰਵਾ ਦੇਣਗੇ।