ਨਵੀਂ ਅਨਾਜ ਮੰਡੀ ਦੇ ਸਾਹਮਣੇ ਸੜਕ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ ਨਵੀਂ ਅਨਾਜ ਮੰਡੀ ਦੇ ਸਾਹਮਣੇ ਸੜਕ ਦਾ ਨਿਰਮਾਣ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
Publish Date: Thu, 15 Oct 2026 04:30 PM (IST)
Updated Date: Fri, 16 Oct 2026 04:01 AM (IST)
-ਝੋਨੇ ਦਾ ਸੀਜ਼ਨ ਹੋਣ ਕਾਰਨ ਹਾਦਸੇ ਦਾ ਖ਼ਤਰਾ ਵਧਿਆ, ਮੀਂਹ ਦੇ ਪਾਣੀ ਨੇ ਵਧਾਈਆਂ ਮੁਸ਼ਕਿਲਾਂ ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ-ਕੋਟਭਾਈ ਰੋਡ ’ਤੇ ਸਥਿਤ ਨਵੀਂ ਅਨਾਜ ਮੰਡੀ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਸੜਕ ਦਾ ਨਿਰਮਾਣ ਸਮੇਂ ਸਿਰ ਨਾ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਸੜਕ ਦੀ ਮਾੜੀ ਹਾਲਤ ਕਾਰਨ ਕਿਸਾਨਾਂ ਸਮੇਤ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਨਵੀਂ ਅਨਾਜ ਮੰਡੀ ਦਾ ਮੁੱਖ ਗੇਟ ਇਸੇ ਸੜਕ ’ਤੇ ਹੋਣ ਕਾਰਨ ਕਿਸਾਨ ਆਪਣੀ ਝੋਨੇ ਦੀ ਫ਼ਸਲ ਨਾਲ ਭਰੀਆਂ ਟਰੈਕਟਰ-ਟਰਾਲੀਆਂ ਲੈ ਕੇ ਇਸੇ ਰਸਤੇ ਰਾਹੀਂ ਮੰਡੀ ’ਚ ਦਾਖ਼ਲ ਹੁੰਦੇ ਹਨ। ਸੜਕ ਦੀ ਮਾੜੀ ਹਾਲਤ ਅਤੇ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਖ਼ਾਸ ਕਰਕੇ ਝੋਨੇ ਦੀਆਂ ਭਰੀਆਂ ਟਰੈਕਟਰ-ਟਰਾਲੀਆਂ ਦੀ ਆਵਾਜਾਈ ਦੌਰਾਨ ਹਾਲਾਤ ਹੋਰ ਵੀ ਮੁਸ਼ਕਿਲ ਬਣ ਜਾਂਦੇ ਹਨ। ਇਸਤੋਂ ਇਲਾਵਾ, ਬੀਤੇ ਦਿਨੀਂ ਗਿੱਦੜਬਾਹਾ ’ਚ ਪਈ ਭਾਰੀ ਬਾਰਿਸ਼ ਤੋਂ ਬਾਅਦ ਇਸ ਸੜਕ ’ਤੇ ਵੱਡੀ ਮਾਤਰਾ ’ਚ ਮੀਂਹ ਦਾ ਪਾਣੀ ਜਮਾਂ ਹੋ ਗਿਆ ਹੈ। ਸੜਕ ’ਤੇ ਪਾਣੀ ਖੜ੍ਹਾ ਹੋਣ ਕਾਰਨ ਦੋਪਹੀਆ ਵਾਹਨ ਚਾਲਕਾਂ ਅਤੇ ਹੋਰ ਵਾਹਨ ਚਾਲਕਾਂ ਨੂੰ ਲੰਘਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੜਕ ਦੇ ਆਸ-ਪਾਸ ਰਹਿਣ ਵਾਲੇ ਲੋਕ ਵੀ ਪ੍ਰੇਸ਼ਾਨ ਹਨ। ਪਾਣੀ ਵਿੱਚ ਸੜਕ ਦੀ ਅਸਲ ਹਾਲਤ ਦਾ ਪਤਾ ਨਾ ਲੱਗਣ ਕਾਰਨ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ (ਬੀਐਂਡਆਰ) ਵੱਲੋਂ ਕੀਤਾ ਜਾਣਾ ਸੀ ਪਰ ਸਮੇਂ ਸਿਰ ਕੰਮ ਪੂਰਾ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਝੋਨੇ ਦੇ ਸੀਜ਼ਨ ਦੌਰਾਨ ਮੰਡੀ ’ਚ ਕਿਸਾਨਾਂ ਅਤੇ ਵਾਹਨਾਂ ਦੀ ਵਧਦੀ ਆਵਾਜਾਈ ਨੂੰ ਦੇਖਦਿਆਂ ਇਸ ਸੜਕ ਦਾ ਨਿਰਮਾਣ ਜਲਦੀ ਕਰਵਾਉਣਾ ਜ਼ਰੂਰੀ ਹੈ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸ ਸੰਬੰਧੀ ਐੱਸਡੀਓ ਸੰਦੀਪ ਬੱਬਰ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਾਰਨ ਉਕਤ ਸੜਕ ਦੇ ਨਿਰਮਾਣ ਵਿਚ ਕੁਝ ਦੇਰੀ ਹੋਈ ਹੈ ਪਰੰਤੂ ਅਗਲੇ 2-3 ਦਿਨਾਂ ’ਚ ਸੜਕ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸਨੂੰ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ।