ਮੁਕਤਸਰ-ਅਬੋਹਰ ਸੜਕ ਦਾ ਨਿਰਮਾਣ ਅਧੂਰਾ, ਲੋਕ ਪਰੇਸ਼ਾਨ ਮੁਕਤਸਰ-ਅਬੋਹਰ ਸੜਕ ਦਾ ਨਿਰਮਾਣ ਅਧੂਰਾ ਲਟਕਣ ਕਾਰਨ ਲੋਕ ਪ੍ਰੇਸ਼ਾਨ
Publish Date: Sun, 06 Sep 2026 03:17 PM (IST)
Updated Date: Sun, 06 Sep 2026 03:19 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਮੁਕਤਸਰ ਵਾਇਆ ਪੰਨੀਵਾਲਾ ਅਬੋਹਰ ਸੜਕ ਦਾ ਨਿਰਮਾਣ ਕਾਰਜ ਅਧੂਰਾ ਲਟਕਣ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਸੀ ਅਤੇ ਕਾਫ਼ੀ ਹਿੱਸਾ ਬਣਾਇਆ ਵੀ ਗਿਆ ਸੀ। ਇਹ ਸੜਕ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਹਲਕੇ ਦੇ ਪਿੰਡ ਰੱਤਾ ਟਿੱਬਾ ਤੱਕ ਮੰਜ਼ੂਰ ਹੋਈ ਸੀ, ਪਰ ਪਿੰਡ ਉੜਾਂਗ ਤੋਂ ਰੱਤਾ ਟਿੱਬਾ ਤੱਕ ਦਾ ਹਿੱਸਾ ਅਜੇ ਵੀ ਵਿਚਾਲੇ ਲਟਕ ਰਿਹਾ ਹੈ। ਮੋਹਲਾਂ ਕੋਲੋਂ ਕੁਝ ਹਿੱਸਾ ਬਣਾਉਣ ਤੋਂ ਬਾਅਦ ਬਾਕੀ ਸੜਕ ਪਹਿਲਾਂ ਵਾਂਗ ਹੀ ਬਦਹਾਲ ਪਈ ਹੈ। ਕਸਬਾ ਨੁਮਾ ਪਿੰਡ ਪੰਨੀਵਾਲਾ ਫੱਤਾ ਵਿੱਚੋਂ ਲੰਘਦੀ ਸੜਕ ਦੀ ਹਾਲਤ ਬੇਹੱਦ ਖ਼ਰਾਬ ਹੈ। ਜਦੋਂ ਇਸ ਸਬੰਧੀ ਪਹਿਲਾਂ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨਾਲ ਗੱਲ ਕੀਤੀ ਗਈ ਸੀ ਤਾਂ ਉਨ੍ਹਾਂ ਲੁੱਕ ਦੇ ਰੇਟ ਵਧਣ ਦਾ ਹਵਾਲਾ ਦਿੰਦਿਆਂ ਦੁਬਾਰਾ ਟੈਂਡਰ ਲਗਾ ਕੇ ਕੰਮ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ, ਪਰ ਸਥਿਤੀ ਜਸ ਦੀ ਤਸ ਬਣੀ ਹੋਈ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੁਕਾਨਾਂ ਤੇ ਘਰਾਂ ’ਚ ਪਾਣੀ ਪਹੁੰਚਾਉਣ ਦਾ ਕੰਮ ਕਰਨ ਵਾਲੇ ਬਜ਼ੁਰਗ ਮੰਦਰ ਸਿੰਘ ਨੇ ਦੱਸਿਆ ਕਿ ਖ਼ਰਾਬ ਸੜਕ ਕਾਰਨ ਰਿਕਸ਼ਾ ਖਿੱਚਣਾ ਬਹੁਤ ਔਖਾ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਸਰੀਰਕ ਤਕਲੀਫ਼ ਵਧ ਜਾਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰਹਿੰਦੀ ਸੜਕ ਜਲਦ ਬਣਾਈ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਆਸਾਨੀ ਨਾਲ ਕਰ ਸਕਣ। ਦੁਕਾਨਦਾਰ ਮਨਦੀਪ ਸਿੰਘ ਨੇ ਕਿਹਾ ਕਿ ਖ਼ਰਾਬ ਸੜਕ ਕਾਰਨ ਉੱਡਦੀ ਧੂੜ-ਮਿੱਟੀ ਨਾਲ ਦੁਕਾਨ ਦਾ ਸਾਮਾਨ ਖ਼ਰਾਬ ਹੁੰਦਾ ਹੈ ਅਤੇ ਗਾਹਕ ਵੀ ਪ੍ਰੇਸ਼ਾਨ ਹੁੰਦੇ ਹਨ। ਬਾਰਿਸ਼ ਦੇ ਦਿਨਾਂ ’ਚ ਸੜਕ ਦੇ ਟੋਇਆਂ ’ਚ ਪਾਣੀ ਭਰ ਜਾਂਦਾ ਹੈ ਅਤੇ ਲੰਘਦੇ ਵਾਹਨਾਂ ਦਾ ਗੰਦਾ ਪਾਣੀ ਦੁਕਾਨਾਂ ਦੇ ਅੰਦਰ ਤੱਕ ਆਉਂਦਾ ਹੈ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਖੇਤਾਂ ਨੂੰ ਜਾਂਦੇ ਰਸਤੇ ’ਤੇ ਸੜਕ ਖ਼ਰਾਬ ਹੋਣ ਕਰਕੇ ਝੋਨੇ ਅਤੇ ਕਣਕ ਦੇ ਭਰੇ ਟਰਾਲੇ ਤੇ ਕੰਬਾਈਨਾਂ ਖੁੱਭ ਜਾਂਦੀਆਂ ਹਨ। ਕਈ ਵਾਰ ਜਾਮ ਲੱਗਣ ਕਾਰਨ ਘੰਟਿਆਂ ਬੱਧੀ ਖੜ੍ਹਨਾ ਪੈਂਦਾ ਹੈ, ਜਿਸ ਨਾਲ ਸਮੇਂ ਅਤੇ ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਪੋਜ਼ਲ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਜੇਈ ਕੌਸ਼ਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਹਿੰਦੇ ਕੰਮ ਲਈ ਪ੍ਰਪੋਜ਼ਲ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸੇ ਮਹੀਨੇ ਦੇ ਅੰਦਰ ਪ੍ਰਪੋਜ਼ਲ ਪਾਸ ਹੋ ਕੇ ਆ ਜਾਵੇਗੀ, ਜਿਸ ਤੋਂ ਤੁਰੰਤ ਬਾਅਦ ਸੜਕ ਦਾ ਨਿਰਮਾਣ ਕਾਰਜ ਦੁਬਾਰਾ ਸ਼ੁਰੂ ਕਰਵਾ ਦਿੱਤਾ ਜਾਵੇਗਾ।