- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਇਕ-ਇਕ ਬੈਂਚ ਨੂੰ ਤਰਸਣ, ਕੌਂਸਲ ਸੈਂਕੜੇ ਬੈਂਚ ਪਾਰਕ ’ਚ ਰੱਖਕੇ ਭੁੱਲੀ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਲੋਕ ਭਲਾਈ ਦੇ ਕੰਮਾਂ ਵਾਸਤੇ ਪੈਸੇ ਨਾ ਹੋਣ ਦੇ ਬਹਾਨੇ ਲਾਉਣ ਵਾਲੀ ਮੁਕਤਸਰ ਦਾ ਬੋਝਾ ਹਕੀਕਤ ’ਚ ਕਿੰਨਾ ਭਾਰੀ ਹੈ, ਇਸਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਕੌਂਸਲ ਲੱਖਾਂ ਰੁਪਏ ਦੀ ਕੀਮਤ ਵਾਲੇ ਕਰੀਬ ਸੌ ਤੋਂ ਵੱਧ ਬੈਂਚ ਪਾਰਕ ’ਚ ਰੱਖਕੇ ਭੁੱਲ ਗਈ। ਇੱਥੋਂ ਦੇ ਮਾਤਾ ਭਾਗ ਕੌਰ ਪਾਰਕ ’ਚ ਇਹ ਅਣਲੱਗ ਬੈਂਚ ਇਕ ਸਾਲ ਤੋਂ ਖੁੱਲੇ ਅਸਮਾਨ ਹੇਠਾਂ ਪਏ ਹਨ। ਕੂੜੇ ਕਰਕਟ ਦੱਬੇ ਪਏ ਇੰਨ੍ਹਾਂ ਲੋਹੇ ਦੇ ਬੈਂਚਾਂ ਨੂੰ ਜੰਗਾਲ ਲੱਗ ਰਹੀ ਹੈ। ਬੈਂਚਾਂ ’ਚ ਘਾਹ ਫੂਸ ਉੱਗ ਆਇਆ ਹੈ। ਦੂਜੇ ਪਾਸੇ ਮਾਤਾ ਭਾਗ ਕੌਰ ਪਾਰਕ, ਗੁਰੂ ਗੋਬਿੰਦ ਸਿੰਘ ਪਾਰਕ, ਮੀਨਾਰ-ਏ-ਮੁਕਤਾ ਪਾਰਕ ਅਤੇ ਜਲਘਰ ’ਚ ਲੋਕਾਂ ਦੇ ਬੈਠਣ ਲਈ ਬੈਚਾਂ ਦੀ ਘਾਟ ਹੈ। ਲੋਕ ਕਮੇਟੀ ਕੋਲ ਬੈਂਚ ਮੰਗਦੇ ਹਨ ਤਾਂ ਅਧਿਕਾਰੀ ਕਹਿ ਦਿੰਦੇ ਹਨ ਕਿ ਬੈਂਚ ਖਤਮ ਹਨ। ਸ਼ਹਿਰ ਵਾਸੀ ਅੰਮ੍ਰਿਤਪਾਲ ਸਿੰਘ ਤੇ ਭੀਨੇ ਨੇ ਦੱਸਿਆ ਕਿ ਉਨ੍ਹਾਂ ਕਈ ਕੌਂਸਲਰਾਂ ਅਤੇ ਵਿਧਾਇਕ ਦੇ ਪੀਏ ਪਾਸੋਂ ਵੀ ਜਲਘਰ ਲਈ ਬੈਂਚਾਂ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਕਿਹਾ ਕਿ ਬੈਂਚ ਨਹੀਂ ਹਨ। ਪਰ ਇਥੇ ਪਾਰਕ ’ਚ ਬੈਂਚ ਪਏ ਗਲ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਬੈਂਚ ਖਰਾਬ ਹੋਣ ਤੋਂ ਪਹਿਲਾਂ ਲੋਕਾਂ ਦੀ ਵਰਤੋਂ ਵਾਸਤੇ ਵੰਡੇ ਜਾਣ ਅਤੇ ਇਸ ਕੁਤਾਹੀ ਲਈ ਜਿੰਮੇਵਾਰ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪਾਰਕ ਦੇ ਮਾਲੀ ਨੇ ਦੱਸਿਆ ਕਿ ਸੌ ਦੇ ਕਰੀਬ ਬੈਂਚ ਮਾਤਾ ਭਾਗ ਕੌਰ ਪਾਰਕ ’ਚ ਇਕ ਸਾਲ ਤੋਂ ਪਏ ਹਨ। ਉਸਨੂੰ ਕਮੇਟੀ ਨੇ ਬੈਂਚਾਂ ਦੀ ਦੇਖਭਾਲ ਲਈ ਕਿਹਾ ਹੈ। ਇਸ ਦੌਰਾਨ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਰੁਣ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਇਹ ਬੈਂਚ ਨਹੀਂ ਹਨ ਉਹ ਜਲਦੀ ਹੀ ਇਸ ਪੜਤਾਲ ਕਰਵਾਕੇ ਢੁਕਵੀਆਂ ਥਾਵਾਂ ’ਤੇ ਪਹੁੰਚਾਉਂਦੇ ਹਨ।