ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ ਦੇ ਜਾਨ ਲੇਵਾ ਖੱਡਿਆਂ ਤੋਂ ਲੋਕ ਦੁਖੀ ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ ਦੇ ਜਾਨ ਲੇਵਾ ਖੱਡਿਆਂ ਤੋਂ ਲੋਕ ਦੁਖੀ
Publish Date: Tue, 21 Jul 2026 04:55 PM (IST)
Updated Date: Tue, 21 Jul 2026 04:58 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਸਭ ਤੋਂ ਅਹਿਮ ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ ਪ੍ਰਸ਼ਾਸਨਿਕ ਅਣਗਹਿਲੀ ਅਤੇ ਵਿਭਾਗੀ ਤਾਲਮੇਲ ਦੀ ਘਾਟ ਕਾਰਨ ਬਦਹਾਲੀ ਦੇ ਹੰਝੂ ਕੇਰ ਰਿਹਾ ਹੈ। ਸੀਵਰੇਜ ਵਿਭਾਗ ਵੱਲੋਂ ਸੀਵਰੇਜ ਲਾਈਨ ਨਾ ਪਾਏ ਜਾਣ ਕਾਰਨ ਇਸ ਬਾਈਪਾਸ ਦਾ ਨਵ-ਨਿਰਮਾਣ ਪਿਛਲੇ ਇੱਕ ਸਾਲ ਤੋਂ ਅਧਵਾਟੇ ਲਟਕਿਆ ਹੋਇਆ ਹੈ, ਜਿਸ ਕਾਰਨ ਹਰ ਰੋਜ਼ ਲੰਘਣ ਵਾਲੇ ਹਜ਼ਾਰਾਂ ਵਾਹਨ ਚਾਲਕਾਂ ਦੀ ਜ਼ਿੰਦਗੀ ਖ਼ਤਰੇ ’ਚ ਪੈ ਰਹੀ ਹੈ। ਬਾਈਪਾਸ ਉੱਪਰ ਬਣੇ ਕਈ ਵਪਾਰਕ ਅਦਾਰਿਆਂ ਵੱਲੋਂ ਆਪਣੇ ਗੰਦੇ ਪਾਣੀ ਦਾ ਨਿਕਾਸ ਸਿੱਧਾ ਸੜਕ ਉੱਤੇ ਕੀਤਾ ਜਾ ਰਿਹਾ ਹੈ। ਪਲਾਨਿੰਗ ਅਤੇ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਲਗਾਤਾਰ ਸੜਕ ’ਤੇ ਫੈਲ ਰਿਹਾ ਹੈ, ਜਿਸ ਨਾਲ ਲੁੱਕ-ਬਜਰੀ ਦੀ ਬਣੀ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਪਲਾਜ਼ਾ ਅਤੇ ‘ਮੀਨਾਰ-ਏ-ਮੁਕਤਾ’ ਦੇ ਨੇੜੇ ਸੜਕ ’ਤੇ ਪਏ ਡੂੰਘੇ ਖੱਡੇ ਹਰ ਵੇਲੇ ਮੌਤ ਨੂੰ ਸੱਦਾ ਦਿੰਦੇ ਹਨ। ਇਸ ਖਸਤਾਹਾਲ ਸੜਕ ਕਾਰਨ ਹੁਣ ਤੱਕ ਇੱਕ ਮੋਟਰਸਾਈਕਲ ਚਾਲਕ ਅਤੇ ਸਕੂਟਰੀ ਸਵਾਰ ਦੋ ਮੁਟਿਆਰਾਂ ਆਪਣੀ ਜਾਨ ਗੁਆ ਚੁੱਕੀਆਂ ਹਨ, ਜਦਕਿ ਕਈ ਵਾਹਨ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਹਨ। ਸਥਾਨਕ ਸਮਾਜ ਸੇਵੀ ਸੰਸਥਾਵਾਂ ਆਪਣੇ ਪੱਧਰ ’ਤੇ ਇਨ੍ਹਾਂ ਖੱਡਿਆਂ ਨੂੰ ਭਰਨ ਦਾ ਯਤਨ ਕਰਦੀਆਂ ਹਨ, ਪਰ ਗੰਦੇ ਪਾਣੀ ਦੀ ਲਗਾਤਾਰ ਮਾਰ ਕਾਰਨ ਕੁਝ ਹੀ ਦਿਨਾਂ ’ਚ ਸਥਿਤੀ ਮੁੜ ਜਿਉਂ ਦੀ ਤਿਉਂ ਹੋ ਜਾਂਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸੇ ਮਾਰਗ ਤੋਂ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੰਤਰੀ-ਸੰਤਰੀ ਲਗਾਤਾਰ ਲੰਘਦੇ ਹਨ, ਪਰ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਜ਼ਹਿਮਤ ਨਹੀਂ ਉਠਾਈ। ਸ਼ਹਿਰ ਵਾਸੀਆਂ ਅਤੇ ਵਾਹਨ ਚਾਲਕਾਂ ਨੇ ਮੰਗ ਕੀਤੀ ਹੈ ਕਿ ਵਿਭਾਗ ਆਪਸੀ ਤਾਲਮੇਲ ਬਣਾ ਕੇ ਤੁਰੰਤ ਸੀਵਰੇਜ ਦਾ ਕੰਮ ਮੁਕੰਮਲ ਕਰੇ ਅਤੇ ਮੰਡੀ ਬੋਰਡ ਵੱਲੋਂ ਵਧੇ ਹੋਏ ਐਸਟੀਮੇਟ ਨੂੰ ਜਲਦ ਮਨਜ਼ੂਰੀ ਦੇ ਕੇ ਬਾਈਪਾਸ ਦਾ ਪੱਕਾ ਨਿਰਮਾਣ ਕਰਵਾਇਆ ਜਾਵੇ, ਤਾਂ ਜੋ ਕੀਮਤੀ ਜਾਨਾਂ ਨੂੰ ਅਜਾਈਂ ਗੁਆਚਣ ਤੋਂ ਬਚਾਇਆ ਜਾ ਸਕੇ। ਲਿੱਪਾ-ਪੋਚੀ ਨਾਲ ਟਪਾ ਰਹੇ ਨੇ ਡੰਗ 2 ਨਵੰਬਰ 2025 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 85 ਕਰੋੜ ਰੁਪਏ ਦੇ ਸੀਵਰੇਜ ਤੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਮੌਕੇ ਪ੍ਰਸ਼ਾਸਨ ਨੇ ਰਾਤੋ-ਰਾਤ ਖੱਡਿਆਂ ’ਚ ਰੇਤਾ-ਮਿੱਟੀ ਪਾ ਕੇ ਬੁੱਤਾ ਸਾਰਿਆ। ਇਸੇ ਤਰ੍ਹਾਂ ਜਨਵਰੀ 2026 ’ਚ ਮੇਲਾ ਮਾਘੀ ਮੌਕੇ ਵੀ ਸੜਕ ’ਤੇ ਇੱਟਾਂ-ਵੱਟੇ ਲਗਾ ਕੇ ਕੇਵਲ ‘ਲਿੱਪਾ-ਪੋਚੀ’ ਹੀ ਕੀਤੀ ਗਈ, ਪਰ ਪੱਕਾ ਨਿਰਮਾਣ ਹਾਲੇ ਵੀ ਅਧੂਰਾ ਹੈ। ਸਾਲ ਪਹਿਲਾਂ ਹੋਇਆ ਸੀ ਟੈਂਡਰ ਪਾਸ : ਮੰਡੀ ਬੋਰਡ ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵੀਨਸ ਗਰਗ ਨੇ ਦੱਸਿਆ ਕਿ ਬਾਈਪਾਸ ਦੇ ਨਵੀਨੀਕਰਨ ਲਈ ਮੰਡੀ ਬੋਰਡ ਵੱਲੋਂ ਇੱਕ ਸਾਲ ਪਹਿਲਾਂ 92 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਨਿਯਮਾਂ ਅਨੁਸਾਰ ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ ਦੀ ਸਮੱਸਿਆ ਹੱਲ ਹੋਣੀ ਜ਼ਰੂਰੀ ਸੀ, ਪਰ ਇੱਕ ਸਾਲ ਬੀਤਣ ’ਤੇ ਵੀ ਸੀਵਰੇਜ ਦਾ ਪਾਣੀ ਸੜਕ ’ਤੇ ਹੀ ਵਹਿ ਰਿਹਾ ਹੈ। ਇੰਨਾ ਸਮਾਂ ਬੀਤਣ ਕਾਰਨ ਮਹਿੰਗਾਈ ਵਧ ਚੁੱਕੀ ਹੈ, ਜਿਸ ਨਾਲ ਪੁਰਾਣੇ ਐਸਟੀਮੇਟ ਅਤੇ ਟੈਂਡਰ ’ਤੇ ਕੰਮ ਕਰਨਾ ਹੁਣ ਸੰਭਵ ਨਹੀਂ ਰਿਹਾ। ਇਸ ਲਈ ਨਵ-ਨਿਰਮਾਣ ਦਾ ਕੰਮ ਲਟਕ ਗਿਆ ਹੈ। ਅਗਲੇ ਮਹੀਨੇ ਕੰਮ ਹੋਵੇਗਾ ਸ਼ੁਰੂ : ਸੀਵਰੇਜ ਬੋਰਡ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨੇ ਦੱਸਿਆ ਕਿ ਬਾਈਪਾਸ ਦਾ ਕੁਝ ਹਿੱਸਾ ਨੈਸ਼ਨਲ ਹਾਈਵੇਅ, ਜੰਗਲਾਤ ਅਤੇ ਨਹਿਰ ਵਿਭਾਗ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਸਾਰੀਆਂ ਧਿਰਾਂ ਅਤੇ ਵਿਭਾਗਾਂ ਤੋਂ ਪ੍ਰਵਾਨਗੀਆਂ ਸੀਵਰੇਜ ਲੈਣ ’ਚ ਸਮਾਂ ਲੱਗ ਗਿਆ ਹੈ। ਹੁਣ ਸਾਰੀਆਂ ਮਨਜ਼ੂਰੀਆਂ ਮਿਲ ਚੁੱਕੀਆਂ ਹਨ ਅਤੇ ਅਗਸਤ ਮਹੀਨੇ ’ਚ ਸੀਵਰੇਜ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।